
ਵੈਲਡਿਟੀ ਨੂੰ ਵਧਾ ਕੇ 30 ਸਤੰਬਰ 2021 ਤੱਕ ਕਰ ਦਿੱਤਾ ਹੈ।
ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਨੇ ਵੀਰਵਾਰ ਨੂੰ ਡਰਾਈਵਿੰਗ ਲਾਇਸੈਂਸ (ਡੀ. ਐੱਲ.), ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ਤੇ ਪਰਮਿਟ ਵਰਗੇ ਹੋਰ ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਲਡਿਟੀ ਨੂੰ ਵਧਾ ਕੇ 30 ਸਤੰਬਰ 2021 ਤੱਕ ਕਰ ਦਿੱਤਾ ਹੈ। ਇਹ ਉਨ੍ਹਾਂ ਲੋਕਾਂ ਲਈ ਵੱਡੀ ਰਾਹਤ ਹੈ ਜਿਨ੍ਹਾਂ ਦੇ ਮੋਟਰ ਵਾਹਨ ਦਸਤਾਵੇਜ਼ਾਂ ਦੀ ਵੈਲਡਿਟੀ ਸਮਾਪਤ ਹੋ ਰਹੀ ਹੈ।
Driving license
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਸੂਬਿਆਂ ਨੂੰ ਭੇਜੇ ਇਕ ਪੱਤਰ ਵਿਚ ਕਿਹਾ ਹੈ ਕਿ ਉਹ ਫਿਟਨੈੱਸ, ਪਰਮਿਟ, ਡਰਾਈਵਿੰਗ ਲਾਇਸੈਂਸ, ਆਰ. ਸੀ. ਵਰਗੇ ਦਸਤਾਵੇਜ਼ਾਂ ਦੀ ਵੈਲਡਿਟੀ ਨੂੰ ਅੱਗੇ ਵਧਾ ਰਿਹਾ ਹੈ, ਜਿਨ੍ਹਾਂ ਦਾ ਤਾਲਾਬੰਦੀ ਕਾਰਨ ਵਿਸਥਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਜਿਨ੍ਹਾਂ ਦੀ ਵੈਲਡਿਟੀ 1 ਫਰਵਰੀ 2020 ਨੂੰ ਖ਼ਤਮ ਹੋ ਗਈ ਹੈ ਜਾਂ 30 ਸਤੰਬਰ, 2021 ਤੱਕ ਖ਼ਤਮ ਹੋ ਜਾਵੇਗੀ।
ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਲਾਗੂ ਕਰਨ ਤਾਂ ਜੋ ਆਮ ਲੋਕ, ਟਰਾਂਸਪੋਰਟਰਾਂ ਅਤੇ ਹੋਰ ਵੱਖ-ਵੱਖ ਸੰਗਠਨਾਂ ਨੂੰ ਇਸ ਮਾਹੌਲ ਵਿਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲਾਇਸੈਂਸ, ਆਰ. ਸੀ. ਵਰਗੇ ਦਸਤਾਵੇਜ਼ਾਂ ਦੀ ਵੈਲਡਿਟੀ ਕਈ ਵਾਰ ਵਧਾਈ ਗਈ ਹੈ। ਮੋਟਰ ਵਾਹਨ ਐਕਟ, 1988 ਅਤੇ ਕੇਂਦਰੀ ਮੋਟਰ ਵਾਹਨ ਨਿਯਮਾਂ ਨਾਲ ਸਬੰਧਤ ਦਸਤਾਵੇਜ਼ ਦੇ ਸਬੰਧ ਵਿਚ ਪਹਿਲਾਂ 30 ਮਾਰਚ 2020 ਫਿਰ 9 ਜੂਨ 2020, 24 ਅਗਸਤ 2020, 27 ਦਸੰਬਰ 2020 ਅਤੇ 26 ਮਾਰਚ 2021 ਨੂੰ ਦਸਤਾਵੇਜ਼ਾਂ ਦੀ ਵੈਲਡਿਟੀ ਵਧਾਉਣ ਲਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਜਾਰੀ ਕੀਤੀ ਗਈ ਸੀ।