
ਜੂਨ ਮਹੀਨੇ ਦੇ ਅੰਤ ਤਕ ਕੈਪਟਨ, ਜਾਖੜ ਤੇ ਇਕ-ਦੋ ਹੋਰ ਨੇਤਾਵਾਂ ਨੂੰ ਦਿੱਲੀ ਬੁਲਾ ਕੇ ਸਮਝਦਾਰੀ ਵਾਲਾ ਤੇ ਪੁਖਤਾ ਫ਼ੈਸਲਾ ਲਿਆ ਜਾਵੇਗਾ।
ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪਿਛਲੇ ਸਾਲ 23 ਸੀਨੀਅਰ ਤੇ ਧੁਰੰਦਰ ਕਾਂਗਰਸੀ ਲੀਡਰਾਂ ਵਲੋਂ ‘ਆਜ਼ਾਦ ਸੋਚ’ ਕਾਇਮ ਰੱਖਣ, ਹੁਣ ਯੂ.ਪੀ. ਦੇ ਜਤਿਨ ਪ੍ਰਸਾਦ ਦੇ ਪਾਰਟੀ ਛੱਡ ਕੇ ਬੀ.ਜੇ.ਪੀ. ’ਚ ਚਲੇ ਜਾਣ ਅਤੇ ਰਾਜਸਥਾਨ ਦੇ ਸਿਰਕੱਢ ਨੇਤਾ ਸਚਿਨ ਪਾਇਲਟ ਦੇ ਤਿੱਖੇ ਬਿਆਨਾਂ ਤੋਂ ਡਰੀ ਕਾਂਗਰਸ ਹਾਈ ਕਮਾਂਡ ਨੇ ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਮਕਾਜ ਦੇ ਸਟਾਈਲ ਵਿਰੁਧ ਭੜਾਸ ਕੱਢਣ ਤੇ ਪਾਰਟੀ ’ਚ ਪਾਟੋਧਾੜ ਨੂੰ ਟਾਂਕੇ ਲਗਾਉਣ ਦੀ ਛੇਤੀ ਸਕੀਮ ਹੋਂਦ ’ਚ ਲਿਆਉਣ ਵਾਸਤੇ ਸੋਨੀਆ ਗਾਂਧੀ ਨੂੰ ਗੰਭੀਰ ਕਰ ਦਿਤਾ ਹੈ।
Rahul Gandhi
ਭਾਵੇਂ ਰਾਹੁਲ ਗਾਂਧੀ ਦੇ ਵਰਕਿੰਗ ਸਟਾਈਲ ‘‘ਜਿਹੜਾ ਛੱਡ ਕੇ ਜਾਂਦਾ ਜਾਵੇ’’ ਦੇ ਉਲਟ ਸੋਨੀਆ ਦੀ ‘‘ਪੁਚਕਾਰੋ ਤੇ ਪੁਰਾਣਿਆਂ ਦੀ ਕਦਰ ਕਰੋ’’ ਨੀਤੀ ਪੰਜਾਬ ਦੇ ਬਾਗੀ ਨੇਤਾਵਾਂ ਨੂੰ ਦਿਲਾਸਾ ਦੇ ਰਹੀ ਹੈ ਪਰ ਪੰਜਾਬ ’ਚ ਜਨਵਰੀ 2022 ਚੋਣਾਂ ਸਿਰ ’ਤੇ ਹੋਣ ਨਾਲ ਇਸ ਦੋਫ਼ਾੜ ਵਿਚ ਕਾਂਗਰਸ ’ਚ ਪੂਰਾ ਓਵਰਹਾਲ ਕਰਨਾ ਹੀ ਠੀਕ ਬਣਦਾ ਹੈ। ਅੰਦਰੂਨੀ ਸੂਤਰ ਦਸਦੇ ਹਨ ਕਿ ਜੇ ਮੁੱਖ ਮੰਤਰੀ ਖੇਮੇ ਨੂੰ ਜ਼ਿਆਦਾ ਦਬਾਇਆ, ਕੈਪਟਨ ਦੀ ਸੋਚ ਵਿਰੁਧ, ਨਵਜੋਤ ਸਿੱਧੂ ਨੂੰ ਬਰਾਬਰ ਦਾ ਦਰਜਾ ਦਿਤਾ ਤਾਂ ਇਹ ਮਜ਼ਬੂਤ ਖੇਮਾ ਨਵੀਂ ਪਾਰਟੀ ‘‘ਭਾਰਤੀ ਕਾਂਗਰਸ’’ ਦੇ ਮੁਕਾਬਲੇ ‘‘ਪੰਜਾਬ ਕਾਂਗਰਸ’’ ਖੜੀ ਕਰ ਸਕਦਾ ਹੈ।
Parshant Kishor
ਚੋਣ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਦੀ ਸ਼ਰਦ ਪਵਾਰ ਨਾਲ ਮੁਲਾਕਾਤ ਤੋਂ ਮਹਾਂਗਠਬੰਧਨ ਬਣਾ ਕੇ ਮਮਤਾ ਤੇ ਕੈਪਟਨ ਨੂੰ ‘‘ਮੋਦੀ ਲਹਿਰ’’ ਰੋਕਣ ਲਈ ਵਰਤੀ ਜਾਣ ਵਾਲੀ ਨੀਤੀ ਕਿਤੇ ਨਾ ਕਿਤੇ ਸੋਨੀਆ-ਰਾਹੁਲ ਦੀ ਅਹਿਮੀਅਤ ਨੂੰ ਛੋਟਾ ਕਰੇਗੀ ਜਿਸ ਕਰ ਕੇ ਕਾਂਗਰਸ ਹਾਈ ਕਮਾਂਡ ਹੁਣ ਕੈਪਟਨ ਤੋਂ ਖੌਫ਼ ਖਾ ਰਹੀ ਹੈ ਕਿਉਂਕਿ ਸਰਹੱਦੀ ਸੂਬੇ ’ਚ ਬੀ.ਜੇ.ਪੀ. ਨੂੰ ਪੈਰ ਜਮਾਉਣ ਤੋਂ ਹਰ ਹਾਲਤ ’ਚ ਰੋਕਣਾ ਚਾਹੁੰਦੀ ਹੈ।
Catain Amarinder Singh, Sunil Jakhar
ਹਾਈ ਕਮਾਂਡ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੂਨ ਮਹੀਨੇ ਦੇ ਅੰਤ ਤਕ ਕੈਪਟਨ, ਜਾਖੜ ਤੇ ਇਕ-ਦੋ ਹੋਰ ਨੇਤਾਵਾਂ ਨੂੰ ਦਿੱਲੀ ਬੁਲਾ ਕੇ ਸਮਝਦਾਰੀ ਵਾਲਾ ਤੇ ਪੁਖਤਾ ਫ਼ੈਸਲਾ ਲਿਆ ਜਾਵੇਗਾ। ਮੰਤਰੀ ਮੰਡਲ ’ਚ 4-5 ਛਾਂਟੀਆਂ ਕਰ ਕੇ ਨਵੇਂ ਚਿਹਰੇ, ਪੁਰਾਣੇ, ਦਲਿਤ ਮਿਲਾ ਕੇ ਅਤੇ ਪਾਰਟੀ ਪ੍ਰਧਾਨ ਨਾਲ ਵਰਕਿੰਗ ਪ੍ਰਧਾਨ ਤੇ ਸਿੱਧੂ ਨੂੰ ਪ੍ਰਚਾਰ ਮੁਹਿੰਮ ਲਈ ਅਹਿਮ ਭੂਮਿਕਾ ਦੇਣੀ ਹੈ। ਆਉਂਦੀਆਂ ਚੋਣਾਂ ਦੇ ਨਤੀਜੇ ਹੀ ਦਸਣਗੇ ਕਿ ਪਾਟੋਧਾੜ ਦੇ ਟਾਂਕੇ ਪੱਕੇ ਸਨ ਜਾਂ ਕਿ ਕਾਂਗਰਸ ਲੀਰੋ-ਲੀਰ ਹੋ ਜਾਵੇਗੀ?