ਕਿਹਾ- ਦੇਸ਼ ਨੂੰ ਨੌਜਵਾਨ ਫ਼ੌਜ ਦੀ ਲੋੜ ਹੈ,'ਅਗਨੀਪਥ' ਸਹੀ ਦਿਸ਼ਾ 'ਚ ਇਕ ਕਦਮ
ਨਵੀਂ ਦਿੱਲੀ : ਕੇਂਦਰ ਸਰਕਾਰ ਦੀ ਨਵੀਂ ਅਗਨੀਪਥ ਯੋਜਨਾ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕਾਂਗਰਸ ਪਾਰਟੀ ਦੇ ਕਈ ਆਗੂ ਵੀ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਪਾਰਟੀ ਲਾਈਨ ਤੋਂ ਵੱਖਰੀ ਰਾਏ ਬਣਾਈ ਹੈ। ਉਨ੍ਹਾਂ ਇਸ ਯੋਜਨਾ ਨੂੰ ਸਰਕਾਰ ਦਾ ਸਹੀ ਦਿਸ਼ਾ ਵੱਲ ਕਦਮ ਦੱਸਿਆ ਹੈ।
ਮਨੀਸ਼ ਤਿਵਾਰੀ ਨੇ ਕਿਹਾ ਕਿ ਇਸ ਸਮੇਂ ਦੇਸ਼ ਨੂੰ ਇੱਕ ਮੋਬਾਈਲ ਆਰਮੀ, ਇੱਕ ਜਵਾਨ ਫੌਜ ਦੀ ਲੋੜ ਹੈ। ਤੁਹਾਨੂੰ ਇਹ ਪਸੰਦ ਹੋਵੇ ਜਾਂ ਨਾ, ਪਰ ਮੈਨੂੰ ਲੱਗਦਾ ਹੈ ਕਿ ਵਨ ਰੈਂਕ-ਵਨ ਪੈਨਸ਼ਨ ਸਕੀਮ ਦੇ ਕਾਰਨ, ਵਧਦਾ ਪੈਨਸ਼ਨ ਦਾ ਬੋਝ ਸਰਕਾਰ ਦੀ ਗਿਣਤੀ ਤੋਂ ਕੀਤੇ ਅੱਗੇ ਨਿਕਲ ਗਿਆ ਹੋਵੇਗਾ। ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਨੌਜਵਾਨਾਂ ਨਾਲ ਹਮਦਰਦੀ ਰੱਖਦਾ ਹਾਂ ਜੋ ਅਗਨੀਪਥ ਭਰਤੀ ਪ੍ਰਕਿਰਿਆ ਨੂੰ ਲੈ ਕੇ ਚਿੰਤਤ ਹਨ। ਅਸਲੀਅਤ ਇਹ ਹੈ ਕਿ ਭਾਰਤ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ, ਤਕਨੀਕ ਅਤੇ ਨੌਜਵਾਨ ਹਥਿਆਰਬੰਦ ਬਲਾਂ ਦੀ ਲੋੜ ਹੈ। ਹਥਿਆਰਬੰਦ ਬਲਾਂ ਕੋਲ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ।''
ਮਨੀਸ਼ ਤਿਵਾੜੀ ਪਾਰਟੀ ਲਾਈਨ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਵੱਖ-ਵੱਖ ਬਿਆਨ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤਕਨੀਕ ਅਤੇ ਹਥਿਆਰਾਂ 'ਤੇ ਹੋਰ ਖਰਚੇ ਦੀ ਲੋੜ ਹੈ। ਇਸ 'ਤੇ ਜ਼ਿਆਦਾਤਰ ਪੈਸਾ ਖਰਚ ਕੀਤਾ ਜਾਂਦਾ ਹੈ। ਪਿਛਲੇ 10 ਸਾਲਾਂ ਵਿੱਚ ਜੰਗ ਦਾ ਤਰੀਕਾ ਬਦਲਿਆ ਹੈ ਅਤੇ ਇਹ ਬਹੁਤ ਮਹੱਤਵਪੂਰਨ ਹੈ। 30 ਸਾਲ ਪਹਿਲਾਂ ਦੇ ਮੁਕਾਬਲੇ ਇਸ ਸਮੇਂ ਸਾਡੀਆਂ ਹਥਿਆਰਬੰਦ ਸੈਨਾਵਾਂ ਜ਼ਿਆਦਾ ਤਿਆਰ ਹਨ। ਅੱਜ ਸਾਡੀ ਫੌਜ ਤਕਨੀਕ ਅਤੇ ਆਧੁਨਿਕ ਹਥਿਆਰਾਂ 'ਤੇ ਜ਼ਿਆਦਾ ਨਿਰਭਰ ਹੈ। ਇਸ ਵਿੱਚ ਜ਼ਿਆਦਾਤਰ ਨੌਜਵਾਨ ਹਨ। ਅਜਿਹੇ ਵਿੱਚ ਫ਼ੌਜ ਵਿੱਚ ਅਜਿਹੇ ਸੁਧਾਰਾਂ ਦੀ ਸਖ਼ਤ ਲੋੜ ਹੈ।
ਦੱਸਣਯੋਗ ਹੈ ਕਿ ਕਾਂਗਰਸ ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਵਿਰੋਧ ਕਰ ਰਹੀ ਹੈ। ਇਸ ਯੋਜਨਾ ਦੇ ਖਿਲਾਫ ਕਈ ਸੂਬਿਆਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਵੀ ਹੋ ਰਹੇ ਹਨ। ਰਾਹੁਲ ਗਾਂਧੀ ਨੇ ਵੀ ਇਸ ਮਾਮਲੇ 'ਤੇ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ - ਕੋਈ ਰੈਂਕ ਨਹੀਂ, ਕੋਈ ਪੈਨਸ਼ਨ ਨਹੀਂ, 2 ਸਾਲਾਂ ਲਈ ਕੋਈ ਸਿੱਧੀ ਭਰਤੀ ਨਹੀਂ, 4 ਸਾਲਾਂ ਬਾਅਦ ਕੋਈ ਸਥਿਰ ਭਵਿੱਖ ਨਹੀਂ, ਫੌਜ ਲਈ ਕੋਈ ਸਰਕਾਰ ਦਾ ਸਨਮਾਨ ਨਹੀਂ। ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਅਵਾਜ਼ ਸੁਣੋ, ਪ੍ਰਧਾਨ ਮੰਤਰੀ ਜੀ, ਉਨ੍ਹਾਂ ਨੂੰ ਅਗਨੀਪਥ 'ਤੇ ਚਲਾ ਕੇ ਉਨ੍ਹਾਂ ਦੇ ਸਬਰ ਦੀ 'ਅਗਨੀ ਪ੍ਰੀਖਿਆ' ਨਾ ਲਓ।