26 ਮਈ ਨੂੰ ਦੋ ਵਿਅਕਤੀਆਂ ਵਲੋਂ ਇਕ ਹਿੰਦੂ ਕੁੜੀ ਨੂੰ ਕਥਿਤ ਰੂਪ ’ਚ ਅਗਵਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਤੋਂ ਫ਼ਿਰਕੂ ਤਣਾਅ ਪਸਰਿਆ ਹੋਇਆ ਹੈ
ਬਰੇਲੀ (ਉੱਤਰ ਪ੍ਰਦੇਸ਼): ਇਤੇਹਾਦ-ਏ-ਮਿਲਤ ਕਾਊਂਸਿਲ (ਆਈ.ਐਮ.ਸੀ.) ਦੇ ਮੁਖੀ ਅਤੇ ਬਰੇਲਵੀ ਮੌਲਾਨਾ ਤੌਕੀਰ ਰਜ਼ਾ ਨੇ ਕਿਹਾ ਹੈ ਕਿ ਜੇਕਰ ਉੱਤਰਾਖੰਡ ਸਰਕਾਰ ਪੀੜ੍ਹੀਆਂ ਤੋਂ ਪੁਰੋਲਾ ’ਚ ਰਹਿ ਰਹੇ ਮੁਸਲਮਾਨਾਂ ਨੂੰ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਮਾਮਿਲਆਂ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕਰਦੀ ਹੈ ਤਾਂ ਉਸ ਵਿਰੁਧ ਪ੍ਰਦਰਸ਼ਨ ਕੀਤਾ ਜਾਵੇਗਾ।
ਪੁਰੋਲਾ ਅਤੇ ਉੱਤਰਾਖੰਡ ’ਚ ਉੱਤਰਕਾਸ਼ੀ ਜ਼ਿਲ੍ਹੇ ਦੇ ਕੁਝ ਸ਼ਹਿਰਾਂ ’ਚ 26 ਮਈ ਨੂੰ ਦੋ ਵਿਅਕਤੀਆਂ ਵਲੋਂ ਇਕ ਹਿੰਦੂ ਕੁੜੀ ਨੂੰ ਕਥਿਤ ਰੂਪ ’ਚ ਅਗਵਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਤੋਂ ਫ਼ਿਰਕੂ ਤਣਾਅ ਪਸਰਿਆ ਹੋਇਆ ਹੈ। ਮੁਲਜ਼ਮਾਂ ’ਚੋਂ ਇਕ ਮੁਸਲਮਾਨ ਸੀ। ਕੁੜੀ ਨੂੰ ਅਗਵਾ ਕਰਨ ਦੀ ਕਥਿਤ ਕੋਸ਼ਿਸ਼ ਨੂੰ ਸਥਾਨਕ ਲੋਕਾਂ ਨੇ ਨਾਕਾਮ ਕਰ ਦਿਤਾ ਸੀ, ਪਰ ਇਸ ਘਟਨਾ ਤੋਂ ਬਾਅਦ ਪੁਰੋਲਾ ’ਚ ਮੁਸਲਮਾਨਾਂ ਦੀਆਂ ਦੁਕਾਨਾਂ ਤੋਂ ਬਾਹਰ ਧਮਕੀ ਭਰੇ ਪੋਸਟਰ ਵਿਖਾਈ ਦਿਤੇ, ਜਿਨ੍ਹਾਂ ਨੂੰ ਉਨ੍ਹਾਂ ਨੇ ਤੁਰਤ ਸ਼ਹਿਰ ਛੱਡਣ ਲਈ ਕਿਹਾ ਗਿਆ ਸੀ।
ਮੌਲਾਨਾ ਤੌਕੀਰ ਰਜ਼ਾ ਨੇ ਅਪਣੇ ਘਰ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਚੂੜੀਆਂ ਨਹੀਂ ਪਹਿਨਦੇ। ਸਾਨੂੰ ਪ੍ਰਤੀਕਿਰਿਆ ਦੇਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਜੇਕਰ ਉੱਤਰਾਖੰਡ ਸਰਕਾਰ ਨੇ ਕੋਈ ਕਦਮ ਨਾ ਚੁਕਿਆ ਤਾਂ ਅਸੀਂ ਉਥੇ ਜਾ ਕੇ ਸਰਕਾਰ ਦੀ ਘੇਰਾਬੰਦੀ ਕਰਾਂਗੇ।’’
ਜ਼ਿਕਰਯੋਗ ਹੈ ਕਿ ਉੱਤਰਾਖੰਡ ਵਕਫ਼ ਬੋਰਡ ਅਤੇ ਹੱਜ ਕਮੇਟੀ ਦੇ ਮੈਂਬਰਾਂ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਕੀ ਨਾਲ ਮੁਲਾਕਾਤ ਕੀਤੀ ਸੀ ਅਤੇ ਫ਼ਿਰਕੂ ਤਣਾਅ ਨਾਲ ਜੂਝ ਰਹੇ ਪੁਰੋਲਾ ਕਸਬੇ ’ਚ ਮੁਸਲਮਾਨਾਂ ਦਾ ਸੋਸ਼ਣ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।
ਅਜਿਹਾ ਦਸਿਆ ਗਿਆ ਹੈ ਕਿ ਪੁਰੋਲਾ ’ਚ 26 ਮਈ ਮਗਰੋਂ ਘੱਟ ਤੋਂ ਘੱਟ 42 ਦੁਕਾਨਾਂ ਬੰਦ ਕਰ ਦਿਤੀਆਂ ਗਈਆਂ ਹਨ।