
ਸੈਲਾਨੀਆਂ ਨੂੰ ਕੱਢਣ ਲਈ 19 ਬਸਾਂ ਅਤੇ 70 ਛੋਟੀਆਂ ਗੱਡੀਆਂ ਨੂੰ ਲਾਇਆ
ਗੰਗਟੋਕ: ਪਿਛਲੇ ਤਿੰਨ ਦਿਨਾਂ ’ਚ ਭਾਰੀ ਮੀਂਹ ਹੋਣ ਨਾਲ ਸੜਕਾਂ ਬੰਦ ਹੋ ਜਾਣ ਕਾਰਨ ਉੱਤਰੀ ਸਿੱਕਿਮ ਦੇ ਲਾਚੇਨ ਅਤੇ ਲਾਚੁਗ ਇਲਾਕੇ ’ਚ 60 ਕਾਲਜ ਵਿਦਿਆਰਥੀਆਂ ਸਮੇਤ 2400 ਤੋਂ ਵੱਧ ਸੈਲਾਨੀ ਫਸ ਗਏ ਹਨ। ਅਧਿਕਾਰੀਆਂ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ 2464 ਫਸੇ ਹੋਏ ਸੈਲਾਨੀਆਂ ਨੂੰ ਕੱਢਣ ਲਈ 19 ਬਸਾਂ ਅਤੇ 70 ਛੋਟੀਆਂ ਗੱਡੀਆਂ ਨੂੰ ਲਾਇਆ ਹੈ।
ਉਨ੍ਹਾਂ ਕਿਹਾ ਕਿ ਹੁਣ ਤਕ ਤਿੰਨ ਬਸਾਂ ਅਤੇ ਦੋ ਹੋਰ ਗੱਡੀਆਂ 123 ਸੈਲਾਨੀਆਂ ਨੂੰ ਲੈ ਕੇ ਸੂਬੇ ਦੀ ਰਾਜਧਾਨੀ ਗੰਗਟੋਕ ਲਈ ਰਵਾਨਾ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਿਪਤਾ ਪ੍ਰਬੰਧਨ ਅਥਾਰਟੀ ਦੇ ਰੈਪਿਡ ਐਕਸ਼ਨ ਫ਼ੋਰਸ, ਸਿੱਕਿਮ ਪੁਲਿਸ, ਜੀ.ਆਰ.ਈ.ਐਫ਼., ਬੀ.ਆਰ.ਓ., ਆਈ.ਟੀ.ਬੀ.ਪੀ., ਫ਼ੌਜ ਅਤੇ ਟਰੈਵਲ ਏਜੰਸੀ ਐਸੋਸੀਏਸ਼ਨ ਦੇ ਮੁਲਾਜ਼ਮ ਸਿੱਕਿਮ ’ਚ ਫਸੇ ਹੋਏ ਮੁਸਾਫ਼ਰਾਂ ਨੂੰ ਕੱਢਣ ਲਈ ਮਿਲ ਕੇ ਕੰਮ ਕਰ ਰਹੇ ਹਨ।
ਇਸ ਦੌਰਾਨ ਚੁੰਗਥਾਂਗ ਜਾਣ ਵਾਲੀਆਂ ਸੜਕਾਂ ਕਈ ਥਾਵਾਂ ਤੋਂ ਬੰਦ ਹਨ। ਮੀਂਹ ਰੁਕ ਜਾਣ ਤੋਂ ਬਾਅਦ ਉਸ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਵੇਗਾ। ਅਧਿਕਾਰੀਆਂ ਨੇ ਦਸਿਆ ਕਿ ਫਸੇ ਹੋਏ ਮੁਸਾਫ਼ਰਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਉੱਤਰੀ ਸਿੱਕਿਮ ਜ਼ਿਲ੍ਹਾ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ- 8509822997 /116464265 ਸ਼ੁਰੂ ਕੀਤੇ ਹਨ।