ਅਮਿਤ ਸ਼ਾਹ ਨੇ ਮਨੀਪੁਰ ’ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਗ੍ਰਹਿ ਮੰਤਰਾਲਾ ਮਨੀਪੁਰ ’ਚ ਜਾਤੀ ਪਾੜੇ ਨੂੰ ਦੂਰ ਕਰਨ ਲਈ ਜਲਦੀ ਤੋਂ ਜਲਦੀ ਮੈਤੇਈ ਅਤੇ ਕੁਕੀ ਭਾਈਚਾਰੇ ਨਾਲ ਗੱਲਬਾਤ ਕਰੇਗਾ। ਮਨੀਪੁਰ ’ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਦੇ ਹੋਏ ਸ਼ਾਹ ਨੇ ਹੁਕਮ ਦਿਤੇ ਕਿ ਉੱਤਰ-ਪੂਰਬੀ ਸੂਬੇ ’ਚ ਹਿੰਸਾ ਫੈਲਾਉਣ ਵਾਲਿਆਂ ਵਿਰੁਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਲੋੜ ਪੈਣ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਵਧਾਈ ਜਾਵੇਗੀ ਅਤੇ ਸੂਬੇ ’ਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਲਈ ਉਨ੍ਹਾਂ ਨੂੰ ਰਣਨੀਤਕ ਤੌਰ ’ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਸ਼ਾਹ ਨੇ ਇਹ ਵੀ ਯਕੀਨੀ ਬਣਾਉਣ ਦੇ ਹੁਕਮ ਦਿਤੇ ਕਿ ਸੂਬੇ ’ਚ ਹਿੰਸਾ ਦੀ ਕੋਈ ਹੋਰ ਘਟਨਾ ਨਾ ਵਾਪਰੇ। ਇੱਥੇ ਇਕ ਸਾਲ ਤੋਂ ਵੱਧ ਸਮੇਂ ਤੋਂ ਜਾਤ ਅਧਾਰਤ ਹਿੰਸਾ ਚੱਲ ਰਹੀ ਹੈ।
ਬਿਆਨ ਵਿਚ ਸ਼ਾਹ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲਾ ਜਾਤੀ ਵੰਡ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਲਈ ਦੋਹਾਂ ਸਮੂਹਾਂ ਮੈਤੇਈ ਅਤੇ ਕੁਕੀ ਨਾਲ ਗੱਲਬਾਤ ਕਰੇਗਾ। ਉਨ੍ਹਾਂ ਨੇ ਮਨੀਪੁਰ ਦੇ ਮੁੱਖ ਸਕੱਤਰ ਨੂੰ ਉਚਿਤ ਸਿਹਤ ਅਤੇ ਸਿੱਖਿਆ ਸਹੂਲਤਾਂ ਅਤੇ ਵਿਸਥਾਪਿਤ ਲੋਕਾਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਦੇ ਹੁਕਮ ਦਿਤੇ।
ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਉੱਤਰ-ਪੂਰਬੀ ਰਾਜ ਦੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸ਼ਾਹ ਨੇ ਰਾਹਤ ਕੈਂਪਾਂ ’ਚ ਸਥਿਤੀ, ਖਾਸ ਕਰ ਕੇ ਭੋਜਨ, ਪਾਣੀ, ਦਵਾਈਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਉਚਿਤ ਉਪਲਬਧਤਾ ਦੇ ਸਬੰਧ ’ਚ ਵੀ ਸਮੀਖਿਆ ਕੀਤੀ।
ਉਨ੍ਹਾਂ ਨੇ ਚੱਲ ਰਹੇ ਨਸਲੀ ਟਕਰਾਅ ਨੂੰ ਹੱਲ ਕਰਨ ਲਈ ਤਾਲਮੇਲ ਵਾਲੀ ਪਹੁੰਚ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਰਾਜ ਵਿਚ ਸੁਰੱਖਿਆ ਸਥਿਤੀ ਨੂੰ ਮਜ਼ਬੂਤ ਕਰਨ ਵਿਚ ਮਨੀਪੁਰ ਸਰਕਾਰ ਦੀ ਸਰਗਰਮੀ ਨਾਲ ਸਹਾਇਤਾ ਕਰ ਰਹੀ ਹੈ।
ਮਨੀਪੁਰ ’ਚ ਜਾਤੀ ਹਿੰਸਾ 3 ਮਈ, 2023 ਨੂੰ ਰਾਜ ਦੇ ਪਹਾੜੀ ਜ਼ਿਲ੍ਹਿਆਂ ’ਚ ਬਹੁਗਿਣਤੀ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ’ਚ ਕਬਾਇਲੀ ਏਕਤਾ ਮਾਰਚ ਤੋਂ ਬਾਅਦ ਹੋਈ ਸੀ। ਉਦੋਂ ਤੋਂ ਹਿੰਸਾ ’ਚ ਕੁਕੀ ਅਤੇ ਮੈਤੇਈ ਭਾਈਚਾਰਿਆਂ ਦੇ 220 ਤੋਂ ਵੱਧ ਮੈਂਬਰ ਅਤੇ ਸੁਰੱਖਿਆ ਕਰਮਚਾਰੀ ਮਾਰੇ ਗਏ ਹਨ।