ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਰਾਹੁਲ ਗਾਂਧੀ ਰਾਏਬਰੇਲੀ ਤੋਂ ਸੰਸਦ ਮੈਂਬਰ ਬਣੇ ਰਹਿਣਗੇ
Rahul Gandhi : ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਰਾਹੁਲ ਗਾਂਧੀ ਰਾਏਬਰੇਲੀ ਤੋਂ ਸੰਸਦ ਮੈਂਬਰ ਬਣੇ ਰਹਿਣਗੇ। ਉਨ੍ਹਾਂ ਨੇ ਰਾਹੁਲ ਗਾਂਧੀ ਦੇ ਵਾਇਨਾਡ ਸੀਟ ਛੱਡਣ ਦਾ ਐਲਾਨ ਕੀਤਾ। ਇਹ ਵੀ ਕਿਹਾ ਕਿ ਪ੍ਰਿਅੰਕਾ ਗਾਂਧੀ ਵਾਇਨਾਡ ਤੋਂ ਉਪ ਚੋਣ ਲੜੇਗੀ।
ਕਾਂਗਰਸ ਨੇ ਪ੍ਰਿਅੰਕਾ ਨੂੰ ਵਾਇਨਾਡ ਤੋਂ ਬਣਾਇਆ ਉਮੀਦਵਾਰ
ਇਸ ਦੌਰਾਨ ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਦੇ ਪੁਰਾਣੇ ਨਾਅਰੇ 'ਲੜਕੀ ਹੂ , ਲੜ ਸਕਦੀ ਹੂ ' ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਉਹ ਵਾਇਨਾਡ ਤੋਂ ਉਪ ਚੋਣ ਲੜੇਗੀ। ਇਸ ਤਰ੍ਹਾਂ ਕਾਂਗਰਸ ਨੇ ਇੱਕੋ ਦਿਨ ਵਿੱਚ ਦੋ ਵੱਡੇ ਐਲਾਨ ਕੀਤੇ ਹਨ। ਪਹਿਲਾ, ਰਾਹੁਲ ਗਾਂਧੀ ਦਾ ਫੈਸਲਾ ਕਿ ਉਹ ਰਾਏਬਰੇਲੀ ਤੋਂ ਸੰਸਦ ਮੈਂਬਰ ਬਣੇ ਰਹਿਣਗੇ ਅਤੇ ਦੂਜਾ, ਕਾਂਗਰਸ ਨੇ ਵੀ ਵਾਇਨਾਡ ਉਪ ਚੋਣ ਲਈ ਆਪਣਾ ਉਮੀਦਵਾਰ ਵੀ ਉਤਾਰ ਦਿੱਤਾ ਹੈ।
ਪਰਿਵਾਰਕ ਗੜ੍ਹ ਰਾਏਬਰੇਲੀ ਤੋਂ ਸੰਸਦ ਮੈਂਬਰ ਬਣੇ ਰਹਿਣਗੇ ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਵਾਇਨਾਡ ਲੋਕ ਸਭਾ ਸੀਟ ਛੱਡ ਕੇ ਆਪਣੇ ਪਰਿਵਾਰਕ ਗੜ੍ਹ ਰਾਏਬਰੇਲੀ ਵਿੱਚ ਰਹਿਣ ਦਾ ਫੈਸਲਾ ਕੀਤਾ ਹੈ। ਖਾਸ ਤੌਰ 'ਤੇ ਰਾਹੁਲ ਗਾਂਧੀ ਨੇ ਆਮ ਚੋਣਾਂ ਵਿੱਚ ਦੋਵੇਂ ਲੋਕ ਸਭਾ ਸੀਟਾਂ - ਕੇਰਲਾ ਵਿੱਚ ਵਾਇਨਾਡ ਅਤੇ ਉੱਤਰ ਪ੍ਰਦੇਸ਼ ਵਿੱਚ ਰਾਏਬਰੇਲੀ - ਪ੍ਰਭਾਵਸ਼ਾਲੀ ਫਰਕ ਨਾਲ ਜਿੱਤੀਆਂ ਸਨ। ਇਸ ਫੈਸਲੇ ਦਾ ਐਲਾਨ ਨਵੀਂ ਦਿੱਲੀ 'ਚ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੀ ਰਿਹਾਇਸ਼ 'ਤੇ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ।
ਨਿਯਮਾਂ ਮੁਤਾਬਕ ਰਾਹੁਲ ਗਾਂਧੀ ਨੂੰ 4 ਜੂਨ ਨੂੰ ਲੋਕ ਸਭਾ ਨਤੀਜੇ ਐਲਾਨੇ ਜਾਣ ਦੇ 14 ਦਿਨਾਂ ਦੇ ਅੰਦਰ ਇੱਕ ਸੀਟ ਖਾਲੀ ਕਰਨੀ ਪੈਣੀ ਸੀ। ਹੁਣ ਜਦੋਂ ਰਾਹੁਲ ਗਾਂਧੀ ਨੇ ਰਾਏਬਰੇਲੀ ਵਿੱਚ ਰਹਿਣ ਦਾ ਫੈਸਲਾ ਕੀਤਾ ਹੈ ਤਾਂ ਉਨ੍ਹਾਂ ਦੀ ਭੈਣ ਪ੍ਰਿਅੰਕਾ ਵਾਇਨਾਡ ਦੀ ਖਾਲੀ ਹੋਈ ਸੀਟ ਤੋਂ ਉਪ ਚੋਣ ਲੜੇਗੀ।
ਕੀ ਕਿਹਾ ਮੱਲਿਕਾਰਜੁਨ ਖੜਗੇ ਨੇ?
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਹ ਐਲਾਨ ਕਰਦੇ ਹੋਏ ਕਿਹਾ, "ਰਾਹੁਲ ਗਾਂਧੀ ਦੋ ਲੋਕ ਸਭਾ ਸੀਟਾਂ ਤੋਂ ਜਿੱਤੇ ਹਨ ਪਰ ਕਾਨੂੰਨ ਦੇ ਅਨੁਸਾਰ ਉਨ੍ਹਾਂ ਨੂੰ ਇੱਕ ਸੀਟ ਖਾਲੀ ਕਰਨੀ ਪਵੇਗੀ। ਰਾਹੁਲ ਗਾਂਧੀ ਰਾਏਬਰੇਲੀ ਨੂੰ ਆਪਣੇ ਕੋਲ ਰੱਖਣਗੇ ਅਤੇ ਅਸੀਂ ਫੈਸਲਾ ਕੀਤਾ ਹੈ ਕਿ ਪ੍ਰਿਯੰਕਾ ਜੀ ਵਾਇਨਾਡ ਤੋਂ ਚੋਣ ਲੜਨਗੇ। ਫੈਸਲੇ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਰਾਏਬਰੇਲੀ ਅਤੇ ਵਾਇਨਾਡ ਦੋਵਾਂ ਨੂੰ "ਦੋ ਸੰਸਦ ਮੈਂਬਰ ਮਿਲਣਗੇ"। ਪ੍ਰਿਯੰਕਾ ਗਾਂਧੀ ਨੇ ਕਿਹਾ, "ਮੈਂ ਵਾਇਨਾਡ ਦੇ ਲੋਕਾਂ ਨੂੰ ਰਾਹੁਲ ਦੀ ਗੈਰਹਾਜ਼ਰੀ ਮਹਿਸੂਸ ਨਹੀਂ ਹੋਣ ਦੇਵਾਂਗੀ।"