
ਸੇਵਾਮੁਕਤ ਮੇਜਰ ਜਨਰਲ ਆਲੋਕ ਰਾਜ ਹੋਣਗੇ ਚੇਅਰਮੈਨ
ਰਾਜਸਥਾਨ - ਸੂਬਾ ਸਰਕਾਰ ਨੇ ਪਹਿਲੀ ਵਾਰ ਰਾਜਸਥਾਨ ਸਟਾਫ਼ ਸਿਲੈਕਸ਼ਨ ਬੋਰਡ ਦੀ ਕਮਾਨ ਕਿਸੇ ਫ਼ੌਜੀ ਅਧਿਕਾਰੀ ਨੂੰ ਸੌਂਪੀ ਹੈ। ਸੇਵਾਮੁਕਤ ਮੇਜਰ ਜਨਰਲ ਆਲੋਕ ਰਾਜ ਨੂੰ ਸਟਾਫ ਸਿਲੈਕਸ਼ਨ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਗਹਿਲੋਤ ਸਰਕਾਰ ਨੇ ਬੁੱਧਵਾਰ ਦੇਰ ਰਾਤ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ।
ਆਲੋਕ ਰਾਜ ਦਾ ਕਾਰਜਕਾਲ 3 ਸਾਲ ਦਾ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਪੇਪਰ ਲੀਕ ਅਤੇ ਭਰਤੀਆਂ 'ਚ ਦੇਰੀ ਕਾਰਨ ਬੋਰਡ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਹੋ ਰਹੇ ਸਨ। ਇਸ ਨੂੰ ਲੈ ਕੇ ਸੂਬੇ ਦੀ ਕਾਂਗਰਸ ਸਰਕਾਰ ਵੀ ਘਿਰ ਗਈ ਹੈ। ਭਰਤੀ ਵਿਚ ਪਾਰਦਰਸ਼ਤਾ ਨੂੰ ਲੈ ਕੇ ਸਾਬਕਾ ਡਿਪਟੀ ਸੀਐਮ ਸਚਿਨ ਪਾਇਲਟ ਨੇ ਵੀ ਇੱਥੇ ਮਰਨ ਵਰਤ ਰੱਖਿਆ ਸੀ। ਉਨ੍ਹਾਂ ਬੇਰੁਜ਼ਗਾਰਾਂ ਦੇ ਮਸਲਿਆਂ ਨੂੰ ਲੈ ਕੇ ਪੈਦਲ ਯਾਤਰਾ ਵੀ ਕੱਢੀ ਸੀ।
ਰਾਜਧਾਨੀ ਦੇ ਬਾਣੀ ਪਾਰਕ ਦੇ ਰਹਿਣ ਵਾਲੇ ਆਲੋਕ ਰਾਜ ਨੇ 37 ਸਾਲ ਤੋਂ ਵੱਧ ਸਮੇਂ ਤੋਂ ਭਾਰਤੀ ਫੌਜ ਵਿਚ ਸੇਵਾ ਨਿਭਾਈ ਹੈ। ਉਹਨਾਂ ਨੂੰ ਜੂਨ, 1983 ਵਿਚ ਸਿੱਖ ਲਾਈਟ ਇਨਫੈਂਟਰੀ ਦੀ ਪਹਿਲੀ ਬਟਾਲੀਅਨ ਵਿਚ ਕਮਿਸ਼ਨ ਦਿੱਤਾ ਗਿਆ ਸੀ। ਉਹਨਾਂ ਨੇ ਅੰਗੋਲਾ ਵਿਚ ਵਿਦੇਸ਼ੀ ਮਿਸ਼ਨ ਦੇ ਨਾਲ ਸੰਯੁਕਤ ਰਾਸ਼ਟਰ ਦੇ ਫੌਜੀ ਨਿਗਰਾਨ ਵਜੋਂ ਵੀ ਸੇਵਾ ਕੀਤੀ ਹੈ।
ਦਰਅਸਲ ਪਿਛਲੇ ਕਾਫ਼ੀ ਸਮੇਂ ਤੋਂ ਸੂਬੇ ਭਰ ਵਿਚ ਲਟਕ ਰਹੀਆਂ ਭਰਤੀ ਪ੍ਰੀਖਿਆਵਾਂ ਨੂੰ ਸਮੇਂ ਸਿਰ ਪੂਰਾ ਕਰਨ ਦੀ ਮੰਗ ਦੇ ਨਾਲ-ਨਾਲ ਪੇਪਰ ਲੀਕ ਵਰਗੇ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਪਾਇਲਟ ਨੇ ਬੇਦਾਗ ਅਕਸ ਵਾਲੇ ਵਿਅਕਤੀ ਨੂੰ ਬੋਰਡ ਦਾ ਪ੍ਰਧਾਨ ਬਣਾਉਣ ਦੀ ਮੰਗ ਵੀ ਕੀਤੀ ਹੈ। ਹੁਣ ਆਈਏਐਸ-ਆਈਪੀਐਸ ਦੀ ਥਾਂ ਫ਼ੌਜੀ ਅਫ਼ਸਰ ਚੁਣਿਆ ਗਿਆ ਹੈ।
ਸਟਾਫ ਸਿਲੈਕਸ਼ਨ ਬੋਰਡ ਦੇ ਸਾਬਕਾ ਚੇਅਰਮੈਨ ਹਰੀਪ੍ਰਸਾਦ ਸ਼ਰਮਾ ਨੇ ਜੁਲਾਈ 'ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ ਇਸ ਸਾਲ 7 ਅਕਤੂਬਰ ਨੂੰ ਖ਼ਤਮ ਹੋਣਾ ਸੀ। ਉਦੋਂ ਤੋਂ ਹੀ ਨਵੇਂ ਪ੍ਰਧਾਨ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਸੂਬੇ ਭਰ 'ਚ ਪ੍ਰਦਰਸ਼ਨ ਹੋ ਰਹੇ ਸਨ। ਰਾਜਸਥਾਨ ਬੇਰੁਜ਼ਗਾਰ ਏਕੀਕ੍ਰਿਤ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਉਪੇਨ ਯਾਦਵ ਪਿਛਲੇ 5 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸਨ।
ਨਵ-ਨਿਯੁਕਤ ਚੇਅਰਮੈਨ ਆਲੋਕ ਰਾਜ ਨੇ ਕਿਹਾ, 'ਜੁਆਇਨ ਕਰਨ ਤੋਂ ਬਾਅਦ, ਮੇਰੀ ਪਹਿਲੀ ਤਰਜੀਹ ਭਰਤੀ ਪ੍ਰੀਖਿਆ ਨੂੰ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਕਰਵਾਉਣਾ ਹੋਵੇਗਾ। ਇਸ ਦੇ ਲਈ ਮੈਂ ਪਹਿਲਾਂ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਮੈਂਬਰਾਂ ਨੂੰ ਮਿਲਾਂਗਾ ਅਤੇ ਪ੍ਰਕਿਰਿਆ ਨੂੰ ਸਮਝਾਂਗਾ ਤਾਂ ਜੋ ਅਸੀਂ ਨੌਜਵਾਨਾਂ ਦੀਆਂ ਆਸਾਂ ਅਤੇ ਉਮੀਦਾਂ 'ਤੇ ਖਰਾ ਉਤਰ ਸਕੀਏ।