
ਜ਼ਖਮੀਆਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ
ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ-ਦਿੱਲੀ ਐਕਸਪ੍ਰੈਸਵੇਅ 'ਤੇ ਸ਼ਨੀਵਾਰ ਸਵੇਰੇ ਇਕ ਤੇਜ਼ ਰਫਤਾਰ ਕਾਰ ਸਰੀਏ ਨਾਲ ਭਰੀ ਇਕ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਹਾਦਸੇ 'ਚ ਕਾਰ 'ਚ ਸਵਾਰ ਦੋ ਵਿਅਕਤੀਆਂ ਦੇ ਸਰੀਰ ਦੇ ਸਰੀਆ ਆਰ ਪਾਰ ਹੋ ਗਿਆ। ਜ਼ਖ਼ਮੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਹਾਦਸੇ 'ਚ ਜ਼ਖਮੀ ਹੋਏ ਤਿੰਨੋਂ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਸ਼ਨੀਵਾਰ ਤੜਕੇ ਸਰੀਏ ਨਾਲ ਭਰੀ ਟਰੈਕਟਰ-ਟਰਾਲੀ ਦਿੱਲੀ ਤੋਂ ਗੁਰੂਗ੍ਰਾਮ ਆ ਰਹੀ ਸੀ। ਇਸੇ ਦੌਰਾਨ ਐਕਸਪ੍ਰੈਸ ਵੇਅ ’ਤੇ ਸੈਕਟਰ-31 ਫਲਾਈਓਵਰ ਨੇੜਿਓਂ ਐਮਜੀ ਹੈਕਟਰ ਗੱਡੀ ਲੰਘ ਰਹੀ ਸੀ, ਜੋ ਅੱਗੇ ਜਾ ਰਹੀ ਟਰਾਲੀ ਨਾਲ ਟਕਰਾ ਗਈ। ਜਿਵੇਂ ਹੀ ਕਾਰ ਟਰਾਲੀ ਦੇ ਅੰਦਰ ਵੜੀ ਤਾਂ ਸਰੀਆ ਕਾਰ ਸਵਾਰਾਂ ਦੇ ਆਰ-ਪਾਰ ਹੋ ਗਿਆ। ਕਾਰ 'ਚ 2 ਲੜਕੀਆਂ ਸਮੇਤ ਕੁੱਲ 3 ਲੋਕ ਸਵਾਰ ਸਨ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਹਾਦਸੇ ਤੋਂ ਬਾਅਦ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ। ਰਾਹਗੀਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਜ਼ਖਮੀਆਂ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਇਸ ਦੇ ਨਾਲ ਹੀ ਟਰੈਕਟਰ-ਟਰਾਲੀ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਟਰੈਕਟਰ-ਟਰਾਲੀ ਅਤੇ ਕਾਰ ਨੂੰ ਜ਼ਬਤ ਕਰ ਲਿਆ ਹੈ। ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।