ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ 'ਤੇ ਬੈਠੇ ਜੂਨੀਅਰ ਡਾਕਟਰਾਂ ਦੀਆਂ ਪੰਜ 'ਚੋਂ ਤਿੰਨ ਮੰਗਾਂ ਮੰਨੀਆਂ
Kolkata News : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹੜਤਾਲ 'ਤੇ ਬੈਠੇ ਜੂਨੀਅਰ ਡਾਕਟਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਪੰਜ ਮੰਗਾਂ 'ਚੋਂ ਤਿੰਨ ਮੰਨ ਲਈਆਂ ਸਨ ਅਤੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਨੂੰ ਹਟਾ ਦਿੱਤਾ। ਇਸ ਦੇ ਨਾਲ ਹੀ ਮੰਗਲਵਾਰ ਨੂੰ ਪੁਲਿਸ ਕਮਿਸ਼ਨਰ ਵਿਨੀਤ ਗੋਇਲ ਨੂੰ ਵੀ ਹਟਾ ਦਿੱਤਾ ਗਿਆ ਹੈ ਅਤੇ ਇਹ ਜ਼ਿੰਮੇਵਾਰੀ ਨਵੇਂ ਆਈਪੀਐਸ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ।
ਮਮਤਾ ਸਰਕਾਰ ਨੇ ਆਈਪੀਐਸ ਮਨੋਜ ਕੁਮਾਰ ਵਰਮਾ ਨੂੰ ਕੋਲਕਾਤਾ ਦਾ ਨਵਾਂ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਹੈ। ਜਦੋਂ ਕਿ ਆਈਪੀਐਸ ਵਿਨੀਤ ਗੋਇਲ ਨੂੰ ਪੱਛਮੀ ਬੰਗਾਲ ਪੁਲਿਸ ਦੇ ਏਡੀਜੀ, ਐਸਟੀਐਫ ਵਜੋਂ ਤਾਇਨਾਤ ਕੀਤਾ ਗਿਆ ਹੈ, ਜਿੱਥੇ ਉਹ ਕੋਲਕਾਤਾ ਦੇ ਸੀਪੀ ਬਣਨ ਤੋਂ ਪਹਿਲਾਂ ਤਾਇਨਾਤ ਸਨ।
ਆਈਪੀਐਸ ਮਨੋਜ ਕੁਮਾਰ 1998 ਬੈਚ ਦੇ ਅਧਿਕਾਰੀ ਹਨ। ਉਹ ਪੱਛਮੀ ਬੰਗਾਲ ਪੁਲਿਸ ਵਿੱਚ ਏਡੀਜੀ (ਲਾਅ ਐਂਡ ਆਰਡਰ) ਵਜੋਂ ਤਾਇਨਾਤ ਸਨ। ਇਸ ਤੋਂ ਪਹਿਲਾਂ ਉਹ ਬੈਰਕਪੁਰ ਦੇ ਪੁਲਿਸ ਕਮਿਸ਼ਨਰ ਅਤੇ ਸੁਰੱਖਿਆ ਡਾਇਰੈਕਟੋਰੇਟ ਵਿੱਚ ਵਧੀਕ ਡਾਇਰੈਕਟਰ ਵਜੋਂ ਕੰਮ ਕਰ ਰਹੇ ਸਨ। ਮਨੋਜ ਵਰਮਾ ਬੰਗਾਲ ਪੁਲਿਸ ਦੇ ਚੋਟੀ ਦੇ ਸੀਨੀਅਰ ਅਧਿਕਾਰੀਆਂ ਵਿੱਚੋਂ ਇੱਕ ਹਨ, ਜਿਨ੍ਹਾਂ ਕੋਲ ਨਕਸਲਵਾਦ ਪ੍ਰਭਾਵਿਤ ਜੰਗਲਮਹਿਲ ਖੇਤਰ ਵਿੱਚ ਕਈ ਸਾਲਾਂ ਤੱਕ ਫਰੰਟ ਲਾਈਨ 'ਤੇ ਕੰਮ ਕਰਨ ਦਾ ਵਿਸ਼ਾਲ ਤਜ਼ਰਬਾ ਅਤੇ ਮੁਹਾਰਤ ਹੈ। ਉਹ ਸਭ ਤੋਂ ਪ੍ਰਭਾਵਤ ਖੇਤਰ ਵਿੱਚ ਐਸਪੀ ਵਜੋਂ ਤਾਇਨਾਤ ਸੀ ਅਤੇ ਜਦੋਂ ਰਾਜ ਦੇ ਕਈ ਜ਼ਿਲ੍ਹੇ ਨਕਸਲਵਾਦੀਆਂ ਦੇ ਪ੍ਰਭਾਵ ਹੇਠ ਸਨ ਤਾਂ ਨਕਸਲਵਾਦੀਆਂ ਵਿਰੁੱਧ ਸਾਂਝੇ ਆਪ੍ਰੇਸ਼ਨ ਦੀ ਅਗਵਾਈ ਕੀਤੀ ਸੀ।
ਇਸ ਤੋਂ ਇਲਾਵਾ ਆਈਪੀਐਸ ਜਾਵੇਦ ਸ਼ਮੀਮ ਬੰਗਾਲ ਪੁਲਿਸ ਦੇ ਏਡੀਜੀ ਲਾਅ ਐਂਡ ਆਰਡਰ ਵਜੋਂ ਆਪਣੇ ਪਿਛਲੇ ਅਹੁਦੇ 'ਤੇ ਵਾਪਸ ਆ ਗਏ ਹਨ। ਆਈਪੀਐਸ ਦੀਪਕ ਸਰਕਾਰ ਨੂੰ ਕੋਲਕਾਤਾ ਪੁਲਿਸ ਵਿੱਚ ਨਵਾਂ ਡੀਸੀਪੀ (ਉੱਤਰੀ) ਨਿਯੁਕਤ ਕੀਤਾ ਗਿਆ ਹੈ। ਉਹ ਸਿਲੀਗੁੜੀ ਪੁਲਿਸ ਕਮਿਸ਼ਨਰੇਟ ਵਿੱਚ ਡੀਸੀ ਈਸਟ ਸਨ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਤਾ ਸੀ ਇਹ ਭਰੋਸਾ
ਦੱਸ ਦੇਈਏ ਕਿ ਡਾਕਟਰਾਂ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਕੋਲਕਾਤਾ ਪੁਲਿਸ ਦੇ ਡਿਪਟੀ ਕਮਿਸ਼ਨਰ (ਉੱਤਰੀ) ਨੂੰ ਵੀ ਹਟਾ ਦਿੱਤਾ ਜਾਵੇਗਾ, ਜਿਸ 'ਤੇ ਪੀੜਤ ਪਰਿਵਾਰ ਨੇ ਰਿਸ਼ਵਤ ਦਾ ਆਰੋਪ ਲਗਾਇਆ ਸੀ। ਜੂਨੀਅਰ ਡਾਕਟਰਾਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਕੋਲਕਾਤਾ ਦੇ ਪੁਲਸ ਕਮਿਸ਼ਨਰ ਵਿਨੀਤ ਕੁਮਾਰ ਗੋਇਲ ਨੇ ਬੈਠਕ 'ਚ ਕਿਹਾ ਕਿ ਉਹ ਅਸਤੀਫਾ ਦੇਣ ਲਈ ਤਿਆਰ ਹਨ। ਵਿਨੀਤ ਸ਼ਾਮ 4 ਵਜੇ ਨਵੇਂ ਸੀਪੀ ਨੂੰ ਜ਼ਿੰਮੇਵਾਰੀ ਸੌਂਪਣਗੇ।
'ਡਾਕਟਰਾਂ ਖਿਲਾਫ ਨਹੀਂ ਹੋਵੇਗੀ ਕੋਈ ਕਾਰਵਾਈ'
ਮੁੱਖ ਮੰਤਰੀ ਨੇ ਕਿਹਾ ਕਿ ਮੀਟਿੰਗ ‘ਸਕਾਰਾਤਮਕ’ ਰਹੀ ਅਤੇ ਸਰਕਾਰ ਨੇ ਡਾਕਟਰਾਂ ਦੀਆਂ ਪੰਜ ਮੰਗਾਂ ਵਿੱਚੋਂ ਤਿੰਨ ਮੰਗਾਂ ਮੰਨ ਲਈਆਂ ਅਤੇ ਜੂਨੀਅਰ ਡਾਕਟਰਾਂ ਨੂੰ ਕੰਮ ’ਤੇ ਵਾਪਸ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਮੈਂ ਅੰਦੋਲਨ ਕਰ ਰਹੇ ਡਾਕਟਰਾਂ ਨੂੰ ਕੰਮ 'ਤੇ ਵਾਪਸ ਆਉਣ ਦੀ ਅਪੀਲ ਕੀਤੀ ਹੈ ਕਿਉਂਕਿ ਉਨ੍ਹਾਂ ਦੀਆਂ ਪੰਜ ਮੰਗਾਂ 'ਚੋਂ ਤਿੰਨ ਮੰਨ ਲਈਆਂ ਗਈਆਂ ਹਨ... ਪ੍ਰਦਰਸ਼ਨ ਕਰ ਰਹੇ ਡਾਕਟਰਾਂ ਵਿਰੁੱਧ ਕੋਈ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਜਾਵੇਗੀ।"
ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕੋਲਕਾਤਾ ਘਟਨਾ ਦਾ ਵਿਰੋਧ ਕਰ ਰਹੇ ਜੂਨੀਅਰ ਡਾਕਟਰਾਂ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਰਾਤ 9 ਵਜੇ ਤੋਂ ਬਾਅਦ ਖਤਮ ਹੋਈ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਡਾਕਟਰਾਂ ਨੂੰ ਹੜਤਾਲ ਖਤਮ ਕਰਨ ਅਤੇ ਜਲਦੀ ਤੋਂ ਜਲਦੀ ਕੰਮ 'ਤੇ ਪਰਤਣ ਦੀ ਅਪੀਲ ਕੀਤੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੋ ਮੀਟਿੰਗਾਂ ਤੈਅ ਹੋਣ ਦੇ ਬਾਵਜੂਦ ਨਹੀਂ ਹੋ ਸਕੀਆਂ ਸਨ।