
ਉਮੀਦਵਾਰ ਦੇ ਚਿਹਰੇ ਬਿਹਤਰ ਦਿੱਖ ਲਈ ਤਸਵੀਰ ਵੀ ਪਹਿਲਾਂ ਨਾਲੋਂ ਵੱਡੀ ਹੋਵੇਗੀ
ਨਵੀਂ ਦਿੱਲੀ : ਬਿਹਾਰ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਹੋ ਕੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ’ਚ ਹੁਣ ਉਮੀਦਵਾਰਾਂ ਦੀਆਂ ਰੰਗੀਨ ਤਸਵੀਰਾਂ ਹੋਣਗੀਆਂ। ਸਾਲ 2015 ਤੋਂ ਈ.ਵੀ.ਐਮ. ਉਤੇ ਚਿਪਕਾਏ ਗਏ ਬੈਲਟ ਪੇਪਰਾਂ ਉਤੇ ਉਮੀਦਵਾਰਾਂ ਦੀਆਂ ‘ਬਲੈਕ ਐਡ ਵਾਈਟ’ ਤਸਵੀਰਾਂ ਹੁੰਦੀਆਂ ਸਨ, ਜਿਨ੍ਹਾਂ ਨੂੰ ਪਛਾਣਨਾ ਬਹੁਤ ਸਾਰੇ ਵੋਟਰਾਂ ਲਈ ਮੁਸ਼ਕਲ ਹੁੰਦਾ ਸੀ।
ਚੋਣ ਕਮਿਸ਼ਨ ਨੇ ਬੁਧਵਾਰ ਨੂੰ ਕਿਹਾ ਕਿ ਹੁਣ ਮਸ਼ੀਨਾਂ ਉਤੇ ਲੜੀ ਨੰਬਰ ਵੀ ਵਧੇਰੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ। ਚੋਣ ਅਥਾਰਿਟੀ ਨੇ ਈ.ਵੀ.ਐਮ. ਬੈਲਟ ਪੇਪਰਾਂ ਦੀ ਸਪੱਸ਼ਟਤਾ ਅਤੇ ਪੜ੍ਹਨਯੋਗਤਾ ਵਧਾਉਣ ਲਈ ਉਨ੍ਹਾਂ ਦੇ ਡਿਜ਼ਾਈਨ ਅਤੇ ਛਪਾਈ ਲਈ ਚੋਣ ਨਿਯਮ, 1961 ਦੀ ਧਾਰਾ 49 ਬੀ ਦੇ ਤਹਿਤ ਮੌਜੂਦਾ ਹਦਾਇਤਾਂ ਵਿਚ ਸੋਧ ਕੀਤੀ ਹੈ। ਇਸ ਤੋਂ ਬਾਅਦ ਈ.ਵੀ.ਐਮ. ਬੈਲਟ ਪੇਪਰ ਉਤੇ ਉਮੀਦਵਾਰਾਂ ਦੀਆਂ ਰੰਗੀਨ ਤਸਵੀਰਾਂ ਛਾਪੀਆਂ ਜਾਣਗੀਆਂ। ਉਮੀਦਵਾਰ ਦੇ ਚਿਹਰੇ ਦੀ ਬਿਹਤਰ ਦਿੱਖ ਲਈ ਤਸਵੀਰ ਵੀ ਪਹਿਲਾਂ ਨਾਲੋਂ ਵੱਡੀ ਹੋਵੇਗੀ।