
ਕਿਹਾ, "ਅਸੀਂ ਇੱਥੇ ਹੀ ਜਨਮੇ-ਪਲੇ ਹਾਂ ਅਤੇ ਸਾਡੇ ਨਾਲ ਗ਼ੈਰਾਂ ਵਰਗਾ ਸਲੂਕ ਨਾ ਕੀਤਾ ਜਾਵੇ।"
ਸ਼ਿਲੌਂਗ (ਹਰਦੀਪ ਸਿੰਘ ਭੋਗਲ): ਮੇਘਾਲਿਆ ਸਰਕਾਰ ਵੱਲੋਂ ਮੁੜ ਤੋਂ ਸ਼ਿਲੌਂਗ ਦੀ ਪੰਜਾਬੀ ਬਸਤੀ ਦੀ ਜ਼ਮੀਨ ਨੂੰ ਇੱਕ ਹਫ਼ਤੇ ਦੇ ਅੰਦਰ ਐਕਵਾਇਰ ਕਰਨ ਦੀ ਕੀਤੀ ਜਾ ਰਹੀ ਤਿਆਰੀ ਕਾਰਨ ਪਿਛਲੇ ਕਈ ਸਾਲਾਂ ਤੋਂ ਉੱਥੇ ਰਹਿ ਰਹੇ ਸਿੱਖਾਂ ਅਤੇ ਪੰਜਾਬੀਆਂ ’ਤੇ ਉਜਾੜੇ ਦੀ ਤਲਵਾਰ ਲਟਕ ਗਈ ਹੈ। ਹਾਲਾਂਕਿ ਸੂਬੇ ਵਿਚ ਪੰਜਾਬੀ ਅਤੇ ਸਿੱਖ ਖਿਡਾਰੀ ਹਨ, ਜਿਨ੍ਹਾਂ ਨੇ ਮੇਘਾਲਿਆ ਲਈ ਕਈ ਇਨਾਮ ਜਿੱਤੇ ਹਨ, ਪਰ ਫਿਰ ਵੀ ਸੂਬੇ ਵੱਲੋਂ ਉਨ੍ਹਾਂ ਨਾਲ ਅਜਿਹਾ ਵਤੀਰਾ ਕੀਤਾ ਜਾ ਰਿਹਾ ਹੈ।
Meghalaya State Champion in Body Building talk on situation in Shillong
ਇਸ ਮਾਮਲੇ ਦੇ ਸਬੰਧ ਵਿਚ ਰੋਜ਼ਾਨਾ ਸਪੋਕਸਮੈਨ ਵੱਲੋਂ ਬੋਡੀ ਬਿਲਡਿੰਗ ਵਿਚ ਮੇਘਾਲਿਆ ਦਾ ਨਾਂ ਰੋਸ਼ਨ ਕਰਨ ਵਾਲੇ ਸਿੱਖ ਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ। ਦੱਸ ਦੇਈਏ ਕਿ ਵੀਰ ਸਿੰਘ ਨੇ ਸੂਬੇ ਲਈ ਵੱਖ-ਵੱਖ ਖਿਤਾਬ ਜਿੱਤੇ ਹਨ। ਉਨ੍ਹਾਂ ਨੇ 1999 ਵਿਚ ਪਹਿਲੀ ਵਾਰ ਬੋਡੀ ਬਿਲਡਿੰਗ ਦੀ ਸਟੇਟ ਚੈਂਪੀਅਨਸ਼ਿਪ ਵਿਚ ਜਿੱਤ ਪ੍ਰਾਪਤ ਕੀਤੀ ਸੀ। ਉਹ 3 ਵਾਰ ਸਟੇਟ ਚੈਂਪੀਅਨ ਰਹਿ ਚੁੱਕੇ ਹਨ। ਇਸ ਤੋਂ ਬਾਅਦ ਹੁਣ ਉਹ ਬੱਚਿਆਂ ਨੂੰ ਬੋਡੀ ਬਿਲਡਿੰਗ ਦੀ ਕੋਚਿੰਗ ਦਿੰਦੇ ਹਨ।
Meghalaya State Champion in Body Building talk on situation in Shillong
ਜਿਸ ਸੂਬੇ (ਮੇਘਾਲਿਆ) ਵਿਚ ਅੱਜ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਉਸੇ ਸੂਬੇ ਲਈ ਵੀਰ ਸਿੰਘ ਵਰਗੇ ਸਿੱਖਾਂ ਵੱਲੋਂ ਕਈ ਇਨਾਮ ਲਿਆਂਦੇ ਗਏ ਅਤੇ ਸੂਬੇ ਲਈ ਲੜ੍ਹਿਆ ਗਿਆ, ਇਸ ’ਤੇ ਬੋਲਦੇ ਹੋਏ ਵੀਰ ਸਿੰਘ ਨੇ ਕਿਹਾ ਕਿ, “ਇਹ ਤਾਂ ਸੂਬੇ ਨੂੰ ਆਪ ਸੋਚਣਾ ਚਾਹੀਦਾ ਹੈ। ਮੈਂ ਪੰਜਾਬੀ ਹਾਂ, ਪਰ ਸਾਨੂੰ ਜੋ ਵੀ ਖਿਤਾਬ ਮਿਲਦੇ ਹਨ ਜਾਂ ਜਦ ਬਾਹਰ ਖੇਡਣ ਲਈ ਜਾਂਦੇ ਹਾਂ ਤਾਂ ਉਹ ਸਭ ਮੇਘਾਲਿਆ ਸੂਬੇ ਦਾ ਨਾਮ ਰੋਸ਼ਨ ਕਰਨ ਅਤੇ ਉਸ ਨੂੰ ਹੋਰ ਉੱਚੇ ਪੱਧਰ ’ਤੇ ਲਿਜਾਣ ਲਈ ਹੀ ਹੁੰਦਾ ਹੈ। ਅਸੀਂ ਜਿਸ ਸੂਬੇ ਵਿਚ ਰਹਿੰਦੇ ਹਾਂ ਅਸੀਂ ਉਸ ਲਈ ਹੀ ਲੜਾਂਗੇ।”
Meghalaya State Champion in Body Building talk on situation in Shillong
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਕਦੇ ਜਾਤ-ਪਾਤ ਨਹੀਂ ਦੇਖੀ ਅਤੇ ਸਾਡੀ ਕੌਮ ਕਦੇ ਵੀ ਕਿਸੇ ਕੰਮ ਤੋਂ ਪਿੱਛੇ ਨਹੀਂ ਹੱਟਦੀ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੇ ਰਾਜ ਸਮੇਂ ਪੰਜਾਬੀ ਸਿੱਖ ਮੇਘਾਲਿਆ ਵਿਚ ਆਏ ਸਨ, ਉਸ ਸਮੇਂ ਤੋਂ ਸਾਡੇ ਬਜ਼ੁਰਗ ਅਤੇ ਮਾਪੇ ਇੱਥੇ ਹੀ ਰਹਿ ਰਹੇ ਹਨ ਅਤੇ ਅਸੀਂ ਵੀ ਇੱਥੇ ਹੀ ਰਹਾਂਗੇ। ਵੀਰ ਸਿੰਘ ਨੇ ਕਿਹਾ ਕਿ, “ ਅਸੀਂ ਪੰਜਾਬੀ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਅਸੀਂ ਪੰਜਾਬ ਲਈ ਕੁੱਝ ਕਰ ਰਹੇ ਹਾਂ, ਜੇਕਰ ਅਸੀਂ ਮੇਘਾਲਿਆ ਵਿਚ ਹਾਂ ਤਾਂ ਅਸੀਂ ਇਸ ਸੂਬੇ ਲਈ ਹੀ ਲੜਾਂਗੇ।”
Meghalaya State Champion in Body Building talk on situation in Shillong
ਵੀਰ ਸਿੰਘ ਨੇ ਆਪਣੇ ਕੇਸ ਰੱਖਣ ਅਤੇ ਦਸਤਾਰ ਸਜਾਉਣ ਦਾ ਕਾਰਨ ਦੱਸਿਆ ਕਿ, “ਇਹ ਗੁਰੂ ਮਹਾਰਾਜ ਦੀ ਕਿਰਪਾ ਉਦੋਂ ਹੋਈ ਜਦੋਂ ਅਸੀਂ ਬੱਚਿਆਂ ਦੇ ਕੇਸ ਰੱਖਵਾਏ ਅਤੇ ਉਨ੍ਹਾਂ ਦੇ ਦਸਤਾਰਾਂ ਸਜਾਈਆਂ। ਬੱਚਿਆਂ ਦੇ ਮਨ ਵਿਚ ਇਹ ਗੱਲ ਨਾ ਆਵੇ ਕਿ ਅਸੀਂ ਦਸਤਾਰ ਸਜਾਉਂਦੇ ਹਾਂ ਅਤੇ ਸਾਡੇ ਪਿਤਾ ਮੋਨੇ ਹਨ ਅਤੇ ਉਨ੍ਹਾਂ ’ਤੇ ਕੋਈ ਵੀ ਗਲਤ ਪ੍ਰਭਾਵ ਨਾ ਪਵੇ ਇਸ ਲਈ ਮੈਂ ਵੀ ਇਸ ਸਰੂਪ ਵਿਚ ਆ ਗਿਆ।” ਇਸ ਦੇ ਨਾਲ ਹੀ, ਖੇਡਾਂ ਦੌਰਾਨ ਸਰਕਾਰ ਨਾਲ ਜਾਂ ਸਰਕਾਰੀ ਬੰਦਿਆਂ ਨਾਲ ਰਾਬਤਾ ਹੋਣ ’ਤੇ ਸੂਬੇ ਵਿਚ ਸਿੱਖਾਂ ਨਾਲ ਹੋ ਰਹੇ ਵਤੀਰੇ ’ਤੇ ਗੱਲ ਕਰਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ, “ਹਰ ਇਨਸਾਨ ਮਾੜਾ ਨਹੀਂ ਸੋਚਦਾ, ਕੁਝ ਚੰਗੇ ਵੀ ਹਨ। ਖੇਡਾਂ ਵਿਚ ਜਿਨ੍ਹਾਂ ਮੈਂ ਦੇਖਿਆ ਹੈ ਇਨਸਾਨ ਦੇ ਮਨ ਵਿਚ ਅਜਿਹੀਆਂ ਗੱਲਾਂ ਨਹੀਂ ਆਉਂਦੀਆਂ। ਕਿਸੇ ਦੇ ਮਨ ਅੰਦਰ ਜੇ ਇਰਖਾ ਹੋਵੇਗੀ ਵੀ ਤਾਂ ਉਸ ਦਾ ਸਾਨੂੰ ਨਹੀਂ ਪਤਾ, ਪਰ ਅਸੀਂ ਸਭ ਨੂੰ ਆਪਣੇ ਵਾਂਗ ਹੀ ਸਮਝਦੇ ਹਾਂ ਅਤੇ ਨਾ ਕਦੇ ਕਿਸੇ ਨਾਲ ਇਰਖਾ ਕੀਤੀ ਹੈ, ਨਾ ਹੀ ਜਾਤ-ਪਤਾ ਦੇਖੀ ਹੈ।”
Meghalaya State Champion in Body Building talk on situation in Shillong
ਮੇਘਾਲਿਆ ਵਿਚ ਸਿੱਖਾਂ ਨਾਲ ਗੈਰਾਂ ਵਰਗਾ ਸਲੂਕ ਕੀਤੇ ਜਾਣ ਨੂੰ ਲੈ ਕੇ ਵੀਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ, “ਅਸੀਂ ਇੱਥੇ ਹੀ ਜਨਮੇ-ਪਲੇ ਹਾਂ ਅਤੇ ਸਾਡੇ ਨਾਲ ਗ਼ੈਰਾਂ ਵਰਗਾ ਸਲੂਕ ਨਾ ਕੀਤਾ ਜਾਵੇ। ਅਸੀਂ ਅਜੇ ਵੀ ਆਪਣੇ ਸੂਬੇ ਬਾਰੇ ਸੋਚਦੇ ਹਾਂ, ਉਸ ਨੂੰ ਅੱਗੇ ਲਿਜਾਣ ਬਾਰੇ ਸੋਚਦੇ ਹਾਂ, ਤਾਂ ਸਰਕਾਰ ਨੂੰ ਸਾਡੇ ਨਾਲ ਅਜਿਹਾ ਵਤੀਰਾ ਨਹੀਂ ਕਰਨਾ ਚਾਹੀਦਾ। ਅਸੀਂ ਇੱਥੇ ਪਰਿਵਾਰਾਂ ਵਾਂਗ ਬਹੁਤ ਖੁਸ਼ੀ ਨਾਲ ਰਹਿ ਰਹੇ ਹਾਂ, ਸਾਨੂੰ ਇੱਥੋਂ ਉਜਾੜਿਆ ਨਾ ਜਾਵੇ।”