
ਲੜਕੀ ਨੂੰ ਅਗਵਾ ਕਰਨ ਸਮੇਂ ਉਸ ਦਾ ਪਤੀ ਰੌਲਾ ਪਾਉਂਦਾ ਰਿਹਾ ਪਰ ਉਹ ਕੁਝ ਨਹੀਂ ਕਰ ਸਕਿਆ।
ਰਾਜਸਥਾਨ: ਜੋਧਪੁਰ ਜ਼ਿਲ੍ਹੇ ਦੇ ਬਿਲਾੜਾ ਥਾਣੇ ਤੋਂ ਲੜਕੀ ਨੂੰ ਅਗਵਾ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬਿਲਾੜਾ ਥਾਣੇ ਤੋਂ ਪੁਲਿਸ ਦੇ ਸਾਹਮਣੇ ਸ਼ਰੇਆਮ ਇੱਕ ਲੜਕੀ ਨੂੰ ਅਗਵਾ ਕਰ ਲਿਆ ਗਿਆ ਤੇ ਪੁਲਿਸ ਦੇਖਦੀ ਰਹੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਹੀ ਅਗਵਾ ਕੀਤਾ ਸੀ। ਇਹ ਲੜਕੀ ਆਪਣੇ ਪਤੀ ਨਾਲ ਥਾਣੇ ’ਚ ਬਿਆਨ ਦਰਜ ਕਰਵਾਉਣ ਆਈ ਸੀ। ਲੜਕੀ ਨੂੰ ਅਗਵਾ ਕਰਨ ਸਮੇਂ ਉਸ ਦਾ ਪਤੀ ਰੌਲਾ ਪਾਉਂਦਾ ਰਿਹਾ ਪਰ ਉਹ ਕੁਝ ਨਹੀਂ ਕਰ ਸਕਿਆ।
ਦਰਅਸਲ, ਜੋਧਪੁਰ ਦੇ ਬਿਲਾੜਾ ਇਲਾਕੇ ਵਿਚ ਰਹਿਣ ਵਾਲੀ ਇਕ ਲੜਕੀ ਨੇ ਕੁਝ ਸਮਾਂ ਪਹਿਲਾਂ ਇਕ ਨੌਜਵਾਨ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਜਦੋਂ ਲੜਕੀ ਘਰ ਵਾਪਸ ਨਹੀਂ ਪਰਤੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਥਾਣਾ ਬਿਲਾੜਾ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਐਤਵਾਰ ਨੂੰ ਲੜਕੀ ਇਸ ਮਾਮਲੇ ਵਿਚ ਆਪਣਾ ਬਿਆਨ ਦਰਜ ਕਰਵਾਉਣ ਲਈ ਆਪਣੇ ਪਤੀ ਨਾਲ ਥਾਣੇ ਪਹੁੰਚੀ। ਜਿਵੇਂ ਹੀ ਉਸ ਦੀ ਕਾਰ ਥਾਣੇ ਦੀ ਹਦੂਦ ਵਿਚ ਆ ਕੇ ਰੁਕੀ ਤਾਂ ਉੱਥੇ ਪਹਿਲਾਂ ਤੋਂ ਹੀ ਉਡੀਕ ਕਰ ਰਹੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਚੁੱਕ ਲਿਆ।
ਪੁਲਿਸ ਦੇ ਕੁਝ ਕਰਨ ਤੋਂ ਪਹਿਲਾਂ ਹੀ ਉਹ ਉਥੋਂ ਭੱਜ ਗਏ। ਇਸ ਘਟਨਾ ਦੌਰਾਨ ਔਰਤ ਦਾ ਪਤੀ ਰੌਲਾ ਪਾਉਂਦਾ ਰਿਹਾ ਕਿ ਉਸ ਦੀ ਪਤਨੀ ਨੂੰ ਮਾਰ ਦਿੱਤਾ ਜਾਵੇਗਾ। ਪਰ ਪੁਲਿਸ ਸਭ ਕੁੱਝ ਦੇਖਦੀ ਰਹਿ ਗਈ। ਘਟਨਾ ਸ਼ਾਮ ਕਰੀਬ 5 ਵਜੇ ਬਿਲਾੜਾ ਥਾਣੇ ਦੀ ਹੈ।
ਬਿਲਾੜਾ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਲੜਕੀ ਦਾ ਨਾਮ ਗਾਇਤਰੀ ਹੈ। ਉਹ ਕੁਝ ਦਿਨ ਪਹਿਲਾਂ ਬਿਨਾਂ ਦੱਸੇ ਘਰੋਂ ਚਲੀ ਗਈ ਸੀ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।
ਇਸੇ ਦੌਰਾਨ ਲੜਕੀ ਨੇ ਵਿਆਹ ਕਰਵਾ ਲਿਆ। ਐਤਵਾਰ ਨੂੰ ਗਾਇਤਰੀ ਅਤੇ ਉਸ ਦਾ ਪਤੀ ਆਨੰਦਪੁਰੀ ਆਪਣੇ ਵਕੀਲ ਨਾਲ ਇਸ ਮਾਮਲੇ 'ਚ ਆਪਣਾ ਬਿਆਨ ਦਰਜ ਕਰਵਾਉਣ ਲਈ ਸ਼ਾਮ ਕਰੀਬ 5 ਵਜੇ ਥਾਣੇ ਪਹੁੰਚੇ। ਇਸ ਦੇ ਨਾਲ ਹੀ ਗਾਇਤਰੀ ਦੇ ਰਿਸ਼ਤੇਦਾਰ ਉਸ ਨੂੰ ਪੁਲਿਸ ਦੀਆਂ ਅੱਖਾਂ ਦੇ ਸਾਹਮਣੇ ਹੀ ਚੁੱਕ ਕੇ ਲੈ ਗਏ।