
ਇਸ ਦੌਰਾਨ ਸੁਪਰੀਮ ਕੋਰਟ ਦਾ ਕੋਈ ਬੈਂਚ ਨਹੀਂ ਹੋਵੇਗਾ ਉਪਲਬਧ
ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਚੀਫ਼ ਜਸਟਿਸ (ਸੀਜੇਆਈ) ਡੀਵਾਈ ਚੰਦਰਚੂੜ ਨੇ ਕਿਹਾ ਕਿ ਸੁਪਰੀਮ ਕੋਰਟ 'ਚ ਸਰਦੀਆਂ ਦੀਆਂ ਛੁੱਟੀਆਂ 17 ਦਸੰਬਰ ਤੋਂ 1 ਜਨਵਰੀ ਤੱਕ ਹੋਣਗੀਆਂ। ਇਸ ਦੌਰਾਨ ਸੁਪਰੀਮ ਕੋਰਟ ਦਾ ਕੋਈ ਬੈਂਚ ਉਪਲਬਧ ਨਹੀਂ ਹੋਵੇਗਾ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਵੀਰਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਲੋਕ ਮਹਿਸੂਸ ਕਰਦੇ ਹਨ ਕਿ ਅਦਾਲਤਾਂ ਦੀਆਂ ਲੰਬੀਆਂ ਛੁੱਟੀਆਂ ਮੁਕੱਦਮੇਬਾਜ਼ਾਂ ਲਈ ਸੁਵਿਧਾਜਨਕ ਨਹੀਂ ਹਨ। ਰਿਜਿਜੂ ਦੇ ਇਸ ਬਿਆਨ ਦੇ ਮੱਦੇਨਜ਼ਰ ਚੀਫ਼ ਜਸਟਿਸ ਦਾ ਇਹ ਐਲਾਨ ਅਹਿਮ ਹੈ।
ਜਸਟਿਸ ਚੰਦਰਚੂੜ ਨੇ ਅਦਾਲਤ ਵਿਚ ਮੌਜੂਦ ਵਕੀਲਾਂ ਨੂੰ ਕਿਹਾ 17 ਦਸੰਬਰ ਤੋਂ 1 ਜਨਵਰੀ ਤੱਕ ਕੋਈ ਵੀ ਬੈਂਚ ਉਪਲਬਧ ਨਹੀਂ ਹੋਵੇਗਾ।'' ਸੁਪਰੀਮ ਕੋਰਟ ਦੀ ਦੋ ਹਫ਼ਤਿਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਸ਼ਨੀਵਾਰ ਤੋਂ ਸ਼ੁਰੂ ਹੋਣਗੀਆਂ। ਇਸ ਤੋਂ ਬਾਅਦ 2 ਜਨਵਰੀ ਨੂੰ ਅਦਾਲਤ ਦਾ ਕੰਮ ਸ਼ੁਰੂ ਹੋਵੇਗਾ।
ਅਦਾਲਤੀ ਛੁੱਟੀਆਂ ਦਾ ਮੁੱਦਾ ਪਹਿਲਾਂ ਵੀ ਉਠਾਇਆ ਗਿਆ ਸੀ ਪਰ ਸਾਬਕਾ ਚੀਫ਼ ਜਸਟਿਸ ਐਨ.ਵੀ. ਰਮਨਾ ਸਮੇਤ ਜੱਜਾਂ ਨੇ ਕਿਹਾ ਸੀ ਕਿ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਜੱਜ ਬਹੁਤ ਆਰਾਮਦਾਇਕ ਜੀਵਨ ਜੀਉਂਦੇ ਹਨ ਅਤੇ ਛੁੱਟੀਆਂ ਦਾ ਆਨੰਦ ਮਾਣਦੇ ਹਨ। ਜਸਟਿਸ ਰਮਨ ਨੇ ਰਾਂਚੀ 'ਚ 'ਜਸਟਿਸ ਸਤਿਆਬ੍ਰਤ ਸਿਨਹਾ ਮੈਮੋਰੀਅਲ ਲੈਕਚਰ ਸੀਰੀਜ਼' ਦੇ ਉਦਘਾਟਨੀ ਭਾਸ਼ਣ 'ਚ ਜੁਲਾਈ 'ਚ ਕਿਹਾ ਸੀ ਕਿ ਜੱਜ ਆਪਣੇ ਫੈਸਲਿਆਂ ਬਾਰੇ ਸੋਚਦੇ ਹੋਏ ਸਾਰੀ ਰਾਤ ਜਾਗਦੇ ਰਹਿੰਦੇ ਹਨ।