
Delhi News : ਡਾ. ਸਾਹਨੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਤੱਥ ਹੈ ਕਿ ਸੰਵਿਧਾਨ ’ਚ ਸਿੱਖਾਂ ਨੂੰ ਵਿਸ਼ੇਸ਼ ਦਰਜਾ ਦੇਣ ਦਾ ਵਾਅਦਾ ਕੀਤਾ ਗਿਆ ਸੀ
Delhi News in Punjabi : ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤੀ ਸੰਵਿਧਾਨ ਬਾਰੇ ਬੋਲਦੇ ਹੋਏ ਕਿਹਾ ਕਿ ਸਾਨੂੰ ਉਸ ਸਮੁੱਚੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਵੰਡ ਦੌਰਾਨ ਭਾਰਤ ਦੀ ਖ਼ਾਤਰ 10 ਲੱਖ ਤੋਂ ਵੱਧ ਜਾਨਾਂ ਗੁਆ ਕੇ ਸਭ ਤੋਂ ਵੱਧ ਦੁੱਖ ਝੱਲੇ। ਡਾ. ਸਾਹਨੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਤੱਥ ਹੈ ਕਿ ਸੰਵਿਧਾਨ ’ਚ ਸਿੱਖਾਂ ਨੂੰ ਵਿਸ਼ੇਸ਼ ਦਰਜਾ ਦੇਣ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਆਪਣੀ ਇੱਛਾ ਨਾਲ ਭਾਰਤੀ ਹਨ, ਸੰਜੋਗ ਨਾਲ ਨਹੀਂ।
ਡਾ. ਸਾਹਨੀ ਨੇ ਸੰਵਿਧਾਨ ਵਿੱਚ ਦਰਜ ਆਪਣੇ ਧਰਮ ਦੀ ਪਾਲਣਾ ਕਰਨ ਦੇ ਅਧਿਕਾਰ ਲਈ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਇਸ ਸਬੰਧ ਵਿੱਚ ਸਭ ਤੋਂ ਵੱਡੀ ਕੁਰਬਾਨੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦਿੱਤੀ ਸੀ। ਉਹਨਾ ਸਦਨ ਨੂੰ ਯਾਦ ਦਿਵਾਇਆ ਕਿ ਸਮੁੱਚੀ ਰਾਏਸੀਨਾ ਪਹਾੜੀਆਂ ਜਿੱਥੇ ਨੌਰਥ ਬਲਾਕ, ਸਾਊਥ ਬਲਾਕ, ਰਾਸ਼ਟਰਪਤੀ ਭਵਨ ਅਤੇ ਸੰਸਦ ਭਵਨ ਸਥਿਤ ਹਨ, ਅਸਲ ਵਿੱਚ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਾ ਹਿੱਸਾ ਸੀ ਜੋ ਕਿਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ।
ਡਾ. ਸਾਹਨੀ ਨੇ ਜ਼ੋਰ ਦੇ ਕੇ ਕਿਹਾ ਕਿ ਹਾਲੀਆ ਸਮੇਂ ਵਿੱਚ ਧਾਰਮਿਕ ਸਥਾਨਾਂ ਨੂੰ ਮੁੜ ਪ੍ਰਾਪਤ ਕਰਨ ਦੀਆਂ ਘਟਨਾਵਾਂ ਸਹਿਣਸ਼ੀਲਤਾ ਦੀ ਭਾਵਨਾ ਲਈ ਖ਼ਤਰਾ ਪੈਦਾ ਕਰ ਰਹੀਆਂ ਹਨ। ਅਤੀਤ ਨੂੰ ਕੁਰੇਦਣਾ ਵਿਅਰਥ ਹੈ ਅਤੇ ਸਾਨੂੰ 15 ਅਗਸਤ, 1947 ਦੀ ਸਥਿਤੀ ਅਨੁਸਾਰ ਸਾਰੇ ਧਾਰਮਿਕ ਸਥਾਨਾਂ ਦੀ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣੀ ਚਾਹੀਦੀ ਹੈ।
ਡਾ. ਸਾਹਨੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸੰਵਿਧਾਨ 'ਤੇ ਚਰਚਾ ਤਦ ਤੱਕ ਪੂਰੀ ਨਹੀਂ ਹੋ ਸਕਦੀ ਜਦ ਤੱਕ ਸੰਵਿਧਾਨ ਦੀ ਪ੍ਰਸਤਾਵਨਾ ਵਿਚਲੀ ਅਨੁਸਾਰ, ਸਮਾਜਿਕ ਅਤੇ ਆਰਥਿਕ ਨਿਆਂ ਦੇ ਹਿੱਸੇ ਵਜੋਂ ਗਰੀਬ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਤੁਰੰਤ ਹੱਲ ਨਹੀਂ ਕੀਤਾ ਜਾਂਦਾ।
ਡਾ. ਸਾਹਨੀ ਨੇ ਕਿਹਾ ਕਿ ਸੰਵਿਧਾਨ ਦੇ ਅਨੁਛੇਦ 243 ਦੇ ਅਨੁਸਾਰ ਗ੍ਰਾਮ ਸਭਾਵਾਂ ਅਤੇ ਪੰਚਾਇਤਾਂ ਨੂੰ ਸਸ਼ਕਤ ਬਣਾਉਣ ਲਈ ਸੱਤਾ ਦਾਵਿਕੇਂਦਰੀਕਰਨ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਘ ਅਤੇ ਰਾਜਾਂ ਵਿਚਕਾਰ ਸਬੰਧਾਂ ਨਾਲ ਸਬੰਧਤ ਅਨੁਛੇਦ 245 ਅਨੁਸਾਰ, ਸਹਿਕਾਰੀ ਸੰਘਵਾਦ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੰਘ ਸਾਰੇ ਰਾਜਾਂ ਵਿਚਕਾਰ ਬਿਨਾਂ ਕਿਸੇ ਭੇਦਭਾਵ ਦੇ ਸਰੋਤਾਂ ਦੀ ਬਰਾਬਰ ਵੰਡ ਦੇਵੇ।
(For more news apart from Sikhs are Indians, by choice, not by chance: MP Vikramjit Singh Sahni News in Punjabi, stay tuned to Rozana Spokesman)