
ਉਪ-ਰਾਜਪਾਲ 'ਤੇ ਸੰਵਿਧਾਨ ਜਾਂ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਫ਼ੈਸਲੇ ਦੀ ਪਾਲਣਾ ਨਾ ਕਰਨ ਦਾ ਲਾਇਆ ਦੋਸ਼
ਨਵੀਂ ਦਿੱਲੀ - ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਉਪ-ਰਾਜਪਾਲ ਵੀ.ਕੇ. ਸਕਸੈਨਾ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ, ਕਿ ਉਹ ਚੁਣੀ ਹੋਈ ਸਰਕਾਰ ਦੇ ਕੰਮਕਾਜ ਵਿੱਚ 'ਦਖਲਅੰਦਾਜ਼ੀ' ਕਰਕੇ 'ਆਪਣੇ ਬਿਗ ਬੌਸ' ਨੂੰ ਖੁਸ਼ ਕਰਨ ਲਈ 'ਕਬੀਲੇ ਦੇ ਸਰਦਾਰ' ਵਰਗਾ ਵਿਉਹਾਰ ਕਰ ਰਹੇ ਹਨ।
ਦਿੱਲੀ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਸਦਨ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਪ-ਰਾਜਪਾਲ ਜਾਂ ਪ੍ਰਸ਼ਾਸਕ ਚੁਣੀ ਹੋਈ ਸਰਕਾਰ ਦੀ ਸਹਾਇਤਾ ਅਤੇ ਸਲਾਹ 'ਤੇ ਕੰਮ ਕਰਨ ਲਈ ਪਾਬੰਦ ਹੈ। ਉਨ੍ਹਾਂ ਕਿਹਾ ਕਿ ਮਦਦ ਜਾਂ ਸਲਾਹ ਲੈਣਾ ਤਾਂ ਦੂਰ, ਉਪ-ਰਾਜਪਾਲ ਸਰਕਾਰ ਨਾਲ ਸਲਾਹ-ਮਸ਼ਵਰਾ ਵੀ ਨਹੀਂ ਕਰ ਰਹੇ। ਉਨ੍ਹਾਂ ਦੋਸ਼ ਲਾਇਆ ਕਿ 'ਦੇਸ਼ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ।'
ਸਿਸੋਦੀਆ ਨੇ ਦੋਸ਼ ਲਗਾਇਆ, "ਸੰਵਿਧਾਨ ਅਨੁਸਾਰ, ਸਥਾਨਕ ਸ਼ਾਸਨ ਬਾਰੇ ਫੈਸਲਾ ਕੇਂਦਰ ਨਹੀਂ ਬਲਕਿ ਸੂਬਿਆਂ ਦੁਆਰਾ ਲਿਆ ਜਾਂਦਾ ਹੈ। ਦਿੱਲੀ ਦੇ ਉਪ-ਰਾਜਪਾਲ ਸੰਵਿਧਾਨ ਜਾਂ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਦੇ ਫ਼ੈਸਲੇ ਦੀ ਪਾਲਣਾ ਨਹੀਂ ਕਰ ਰਹੇ।"
ਸਿਸੋਦੀਆ ਨੇ ਦੋਸ਼ ਲਾਇਆ ਕਿ ਉਪ-ਰਾਜਪਾਲ ਨੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ 'ਆਲਡਰਮੈਨ' ਨੂੰ ਨਾਮਜ਼ਦ ਕਰਨ 'ਚ 'ਗ਼ੈਰ-ਸੰਵਿਧਾਨਕ' ਤਰੀਕਾ ਅਪਣਾਇਆ ਅਤੇ ਦੋਸ਼ ਲਾਇਆ ਕਿ ਚੁਣੀ ਹੋਈ ਸਰਕਾਰ ਦੇ ਪ੍ਰਸਤਾਵ 'ਤੇ ਆਪਣੀ ਰਾਏ ਜ਼ਾਹਰ ਕਰਨ ਦੀ ਬਜਾਏ, ਉਪ-ਰਾਜਪਾਲ ਨੇ ਇਸ ਨੂੰ ਬਦਲ ਦਿੱਤਾ।
ਉਨ੍ਹਾਂ ਕਿਹਾ, "ਕਨੂੰਨ ਵਿਵਸਥਾ, ਦਿੱਲੀ ਪੁਲਿਸ ਅਤੇ ਜ਼ਮੀਨੀ ਕਬਜ਼ਿਆਂ ਵੱਲ ਧਿਆਨ ਦੇਣ ਦੀ ਬਜਾਏ, ਉਪ-ਰਾਜਪਾਲ ਚੁਣੀ ਹੋਈ ਸਰਕਾਰ ਦੇ ਕੰਮਕਾਜ ਵਿੱਚ ਦਖ਼ਲ ਦੇ ਰਹੇ ਹਨ।"
ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਬਿਗਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ' ਦੇ ਮੁਹਾਵਰੇ ਦੀ ਵਰਤੋਂ ਕਰਦੇ ਹੋਏ ਉਪ-ਰਾਜਪਾਲ ਦੇ ਅਧਿਕਾਰ 'ਤੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ "ਉਹ (ਸਕਸੈਨਾ) ਮੇਰੇ ਹੈੱਡਮਾਸਟਰ ਨਹੀਂ ਹਨ।'