ਤਾਮਿਲਨਾਡੂ ਦੇ ਰਹਿਣ ਵਾਲੇ ਮਨੋ ਨੇ ਦਰਜ ਕਰਵਾਈ ਸ਼ਿਕਾਇਤ
ਵਾਰਾਣਸੀ: ਮਣੀਕਰਣਿਕਾ ਘਾਟ ਉਤੇ ਪੁਨਰ ਵਿਕਾਸ ਕਾਰਜਾਂ ਬਾਰੇ ਸੋਸ਼ਲ ਮੀਡੀਆ ਉਤੇ ਕਥਿਤ ਤੌਰ ਉਤੇ ਏ.ਆਈ. ਰਾਹੀਂ ਤਿਆਰ ਕੀਤੀਆਂ ਤਸਵੀਰਾਂ, ਵੀਡੀਉ ਅਤੇ ਗੁਮਰਾਹਕੁੰਨ ਜਾਣਕਾਰੀ ਨੂੰ ਪ੍ਰਸਾਰਿਤ ਕਰਨ ਦੇ ਦੋਸ਼ ’ਚ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਕਾਂਗਰਸ ਆਗੂ ਪੱਪੂ ਯਾਦਵ ਸਮੇਤ ਕਈ ਲੋਕਾਂ ਵਿਰੁਧ ਅੱਠ ਐਫ.ਆਈ.ਆਰ. ਦਰਜ ਕੀਤੀਆਂ ਹਨ।
ਘਾਟ ਹਿੰਦੂ ਧਰਮ ਦੇ ਸੱਭ ਤੋਂ ਪੁਰਾਣੇ ਅਤੇ ਸੱਭ ਤੋਂ ਪਵਿੱਤਰ ਸ਼ਮਸ਼ਾਨਘਾਟ ’ਚੋਂ ਇਕ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਸਥਾਨ ਉਤੇ ਅੰਤਿਮ ਸੰਸਕਾਰ ਕਰਨ ਨਾਲ ‘ਮੋਕਸ਼’ ਪ੍ਰਾਪਤ ਕਰਨ ਵਿਚ ਮਦਦ ਮਿਲਦੀ ਹੈ - ਜਨਮ ਅਤੇ ਮੌਤ ਦੇ ਚੱਕਰ ਤੋਂ ਮੁਕਤੀ - ਘਾਟ ਨੂੰ ਬਹੁਤ ਧਾਰਮਕ ਅਤੇ ਸਭਿਆਚਾਰਕ ਮਹੱਤਵ ਦਿੰਦਾ ਹੈ।
ਇਸ ਮਾਮਲੇ ’ਚ ਤਾਮਿਲਨਾਡੂ ਦੇ ਰਹਿਣ ਵਾਲੇ ਮਨੋ ਨੇ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੀ ਕੰਪਨੀ 15 ਨਵੰਬਰ ਤੋਂ ਸਸਕਾਰ ਦੀਆਂ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਮਣੀਕਰਣਿਕਾ ਘਾਟ ਨੂੰ ਸੁੰਦਰ ਬਣਾਉਣ ਦਾ ਕੰਮ ਕਰ ਰਹੀ ਹੈ। ਸ਼ਿਕਾਇਤ ਅਨੁਸਾਰ, ਇਕ ‘ਐਕਸ’ ਉਪਭੋਗਤਾ ਨੇ 16 ਜਨਵਰੀ ਨੂੰ ਕਥਿਤ ਤੌਰ ਉਤੇ ਏ.ਆਈ. ਨਾਲ ਤਿਆਰ ਕੀਤੀਆਂ ਅਤੇ ਗੁਮਰਾਹਕੁੰਨ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿਚ ਤੋੜੇ-ਮਰੋੜੇ ਹੋਏ ਤੱਥ ਪੇਸ਼ ਕੀਤੇ ਗਏ ਸਨ ਅਤੇ ਹਿੰਦੂ ਸ਼ਰਧਾਲੂਆਂ ਨੂੰ ਗੁਮਰਾਹ ਕੀਤਾ ਗਿਆ ਸੀ।
ਅਪਣੇ ਵਿਰੁਧ ਐਫ.ਆਈ.ਆਰ. ਉਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੇ ਦਾਅਵਾ ਕੀਤਾ ਕਿ ਮੁੜਵਿਕਾਸ ਦੇ ਕੰਮ ਨੇ ਮਣੀਕਰਣਿਕਾ ਘਾਟ ਉਤੇ ਤਬਾਹੀ ਮਚਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਦਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਅਹਿਲਿਆਬਾਈ ਹੋਲਕਰ ਦੀ ਮੂਰਤੀ ਵੀ ਤੋੜ ਦਿਤੀ ਗਈ, ਜਿਸ ਦਾ ਸਾਧੂਆਂ ਅਤੇ ਹੋਰਾਂ ਨੇ ਵਿਰੋਧ ਕੀਤਾ। ‘ਆਪ’ ਦੇ ਸੰਸਦ ਮੈਂਬਰ ਨੇ ਅਧਿਕਾਰੀਆਂ ਉਤੇ ਇਹ ਮੁੱਦਾ ਉਠਾਉਣ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਡਰਨਗੇ ਨਹੀਂ।
ਘਾਟ ਦੇ ਪੁਨਰ ਵਿਕਾਸ ਯੋਜਨਾ ਦੇ ਤਹਿਤ ਢਾਹੁਣ ਦੀ ਮੁਹਿੰਮ ਦੇ ਵਿਰੋਧ ਵਿਚ ਪ੍ਰਦਰਸ਼ਨ ਵੀ ਹੋਏ ਹਨ, ਕਈਆਂ ਨੇ ਦੋਸ਼ ਲਾਇਆ ਹੈ ਕਿ ਅਹਿਲਿਆਬਾਈ ਹੋਲਕਰ ਦੀ ਇਕ ਸਦੀ ਪੁਰਾਣੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਹਾਲਾਂਕਿ ਇਸ ਦੋਸ਼ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਰੱਦ ਕੀਤਾ ਹੈ।
ਪੁਲਿਸ ਦੇ ਡਿਪਟੀ ਕਮਿਸ਼ਨਰ ਗੌਰਵ ਬਾਂਸਲ ਨੇ ਕਿਹਾ ਕਿ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਤਹਿਤ ਅੱਠ ਵਿਅਕਤੀਆਂ ਅਤੇ ਕੁੱਝ ‘ਐਕਸ’ ਹੈਂਡਲਾਂ ਵਿਰੁਧ ਘਾਟ ਉਤੇ ਚੱਲ ਰਹੇ ਸੁੰਦਰੀਕਰਨ ਅਤੇ ਸਸਕਾਰ ਨਾਲ ਸਬੰਧਤ ਸਹੂਲਤਾਂ ਨੂੰ ਮਜ਼ਬੂਤ ਕਰਨ ਨਾਲ ਸਬੰਧਤ ਮਨਘੜਤ ਸਮੱਗਰੀ ਫੈਲਾਉਣ ਲਈ ਅੱਠ ਕੇਸ ਦਰਜ ਕੀਤੇ ਗਏ ਹਨ।
ਪੁਲਿਸ ਅਨੁਸਾਰ, ਧਾਰਮਕ ਭਾਵਨਾਵਾਂ ਨੂੰ ਢਾਹ ਲਾਉਣ, ਗਲਤ ਜਾਣਕਾਰੀ ਫੈਲਾਉਣ, ਲੋਕਾਂ ਦੇ ਗੁੱਸੇ ਨੂੰ ਭੜਕਾਉਣ ਅਤੇ ਸਮਾਜਕ ਸਦਭਾਵਨਾ ਨੂੰ ਭੰਗ ਕਰਨ ਦੇ ਇਰਾਦੇ ਨਾਲ ‘ਐਕਸ’ ਉਤੇ ਜਾਅਲੀ ਅਤੇ ਗੁਮਰਾਹਕੁੰਨ ਵੀਡੀਉ ਅਤੇ ਏ.ਆਈ. ਨਾਲ ਤਿਆਰ ਕੀਤੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ ਗਈਆਂ ਸਨ।
ਸਹਾਇਕ ਪੁਲਿਸ ਕਮਿਸ਼ਨਰ ਅਤੁਲ ਅੰਜਨ ਤ੍ਰਿਪਾਠੀ ਨੇ ਕਿਹਾ ਕਿ ਏ.ਆਈ. ਨਾਲ ਤਿਆਰ ਕੀਤੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ, ਜਿਸ ਨਾਲ ਲੋਕਾਂ ਵਿਚ ਭੰਬਲਭੂਸਾ ਅਤੇ ਨਾਰਾਜ਼ਗੀ ਪੈਦਾ ਹੋਈ। ਏ.ਸੀ.ਪੀ. ਨੇ ਦਸਿਆ ਕਿ ਕੇਸ ਦਰਜ ਕੀਤੇ ਗਏ ਅੱਠ ਲੋਕਾਂ ਵਿਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ, ਕਾਂਗਰਸ ਦੇ ਪੱਪੂ ਯਾਦਵ ਅਤੇ ਜਸਵਿੰਦਰ ਕੌਰ ਵੀ ਸ਼ਾਮਲ ਹਨ।
ਪੁਲਿਸ ਅਨੁਸਾਰ, ਪੁਨਰਵਿਕਾਸ ਪ੍ਰਾਜੈਕਟ ਬਾਰੇ ਅਫਵਾਹਾਂ ਫੈਲਾਉਣ ਦੀਆਂ ‘ਸੰਗਠਤ ਕੋਸ਼ਿਸ਼ਾਂ’ ਕੀਤੀਆਂ ਗਈਆਂ ਹਨ। ਡੀ.ਸੀ.ਪੀ. ਬਾਂਸਲ ਨੇ ਦਾਅਵਾ ਕੀਤਾ ਕਿ ਨਾ ਸਿਰਫ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ, ਸਗੋਂ ਸਰਕਾਰ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਲਈ ਵੀ ਝੂਠੀ ਜਾਣਕਾਰੀ ਫੈਲਾਈ ਗਈ ਸੀ। ਉਨ੍ਹਾਂ ਕਿਹਾ ਕਿ ਸਬੰਧਤ ਸੋਸ਼ਲ ਮੀਡੀਆ ਹੈਂਡਲਾਂ ਦੇ ਨਾਲ-ਨਾਲ ਸਮੱਗਰੀ ਨੂੰ ਅੱਗੇ ਸਾਂਝੀ ਕਰਨ ਵਾਲਿਆਂ ਵਿਰੁਧ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ‘ਯੋਗੀ-ਮੋਦੀ ਸਰਕਾਰ’ ਉਤੇ ਵਾਰਾਣਸੀ ਦੀ ਵਿਰਾਸਤ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦਾ ਦੋਸ਼ ਲਾਇਆ ਹੈ ਅਤੇ ਮੰਗ ਕੀਤੀ ਹੈ ਕਿ ਮਣੀਕਰਣਿਕਾ ਘਾਟ ਉਤੇ ਚੱਲ ਰਹੇ ਕੰਮ ਨੂੰ ਤੁਰਤ ਬੰਦ ਕੀਤਾ ਜਾਵੇ ਅਤੇ ਉੱਥੇ ਧਾਰਮਕ ਨੇਤਾਵਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਕੋਈ ਅਗਲੇਰੀ ਕਾਰਵਾਈ ਕੀਤੀ ਜਾਵੇ।
