
ਕਿਹਾ- ਸਿਸਟਮ ਬਹੁਤ ਭ੍ਰਿਸ਼ਟ ਹੈ; ਮਜ਼ਬੂਤ ਸਰਕਾਰ ਤੋਂ ਭ੍ਰਿਸ਼ਟ ਸਿਸਟਮ 'ਤੇ ਸਖ਼ਤ ਕਾਰਵਾਈ ਦੀ ਉਮੀਦ ਹੈ
ਨਵੀਂ ਦਿੱਲੀ : ਆਪਣੀ ਪਾਰਟੀ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਣ ਨੂੰ ਲੈ ਕੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਰਹਿਣ ਵਾਲੇ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਇਕ ਵਾਰ ਫਿਰ ਸੁਰਖੀਆਂ 'ਚ ਹਨ। ਵਰੁਣ ਗਾਂਧੀ ਨੇ ਸ਼ੁੱਕਰਵਾਰ ਨੂੰ ਵੱਡੇ ਬੈਂਕ ਫਰਾਡਾਂ ਅਤੇ ਉਨ੍ਹਾਂ ਪਿੱਛੇ ਆਰਥਿਕ ਅਪਰਾਧੀਆਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ।
Varun Gandhi
ਵਰੁਣ ਗਾਂਧੀ ਨੇ ਆਰਥਿਕ ਅਪਰਾਧੀਆਂ ਵਿਜੇ ਮਾਲਿਆ, ਨੀਰਵ ਮੋਦੀ ਅਤੇ ਰਿਸ਼ੀ ਅਗਰਵਾਲ ਦਾ ਨਾਂ ਲੈਂਦਿਆਂ ਸਰਕਾਰ 'ਤੇ ਹਮਲਾ ਬੋਲਿਆ। ਦੱਸ ਦੇਈਏ ਕਿ ਬੈਂਕ ਧੋਖਾਧੜੀ ਦੇ ਮਾਮਲਿਆਂ 'ਚ ਵਿਜੇ ਮਾਲਿਆ ਅਤੇ ਨੀਰਵ ਮੋਦੀ ਦੇ ਨਾਂ ਤਾਂ ਹਰ ਕੋਈ ਜਾਣਦਾ ਹੈ ਪਰ ਇਸ ਸੂਚੀ 'ਚ ਰਿਸ਼ੀ ਅਗਰਵਾਲ ਦਾ ਨਾਂ ਨਵਾਂ ਹੈ। ਰਿਸ਼ੀ ਅਗਰਵਾਲ ਏਬੀਜੀ ਸ਼ਿਪਯਾਰਡ ਦੇ ਸਾਬਕਾ ਚੇਅਰਮੈਨ ਹਨ ਅਤੇ ਉਹ ਇਸ ਸਮੇਂ ਵੱਡੇ ਪੱਧਰ 'ਤੇ ਧੋਖਾਧੜੀ ਦੇ ਮਾਮਲੇ ਵਿੱਚ ਜਾਂਚ ਦੇ ਘੇਰੇ ਵਿੱਚ ਹਨ।
Neerav Modi And Mallya
ਭਗੌੜੇ ਕਾਰੋਬਾਰੀ ਵਿਜੇ ਮਾਲਿਆ ਅਤੇ ਨੀਰਵ ਮੋਦੀ ਉਦੋਂ ਦੇਸ਼ ਛੱਡ ਕੇ ਭੱਜ ਗਏ ਜਦੋਂ ਜਾਂਚ ਏਜੰਸੀਆਂ ਨੇ ਉਨ੍ਹਾਂ ਦੀਆਂ ਕੰਪਨੀਆਂ ਵਲੋਂ ਕੀਤੇ ਵੱਡੇ ਬੈਂਕ ਧੋਖਾਧੜੀ ਮਾਮਲਿਆਂ ਦਾ ਪਰਦਾਫਾਸ਼ ਕੀਤਾ। ਜਿੱਥੇ ਮਾਲਿਆ 'ਤੇ 9,000 ਕਰੋੜ ਰੁਪਏ ਅਤੇ ਨੀਰਵ ਮੋਦੀ 'ਤੇ 14,000 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਦੋਸ਼ ਹੈ। ਰਿਸ਼ੀ ਅਗਰਵਾਲ ਲਗਭਗ ₹ 23,000 ਕਰੋੜ ਦੇ ਘੁਟਾਲੇ ਦੇ ਘੇਰੇ ਵਿੱਚ ਹੈ।ਮੰਨਿਆ ਜਾਂਦਾ ਹੈ ਕਿ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਹੈ।
tweet
ਵਰੁਣ ਗਾਂਧੀ ਨੇ ਕੇਂਦਰ 'ਤੇ ਤੰਜ਼ ਕਸਦਿਆਂ ਕਿਹਾ ਕਿ ਅਜਿਹੇ ਭ੍ਰਿਸ਼ਟਾਚਾਰ ਵਿਰੁੱਧ "ਮਜ਼ਬੂਤ ਸਰਕਾਰ" ਤੋਂ "ਮਜ਼ਬੂਤ ਕਾਰਵਾਈ" ਦੀ ਉਮੀਦ ਕੀਤੀ ਜਾਂਦੀ ਹੈ। ਵਰੁਣ ਗਾਂਧੀ ਨੇ ਟਵੀਟ ਕੀਤਾ ਅਤੇ ਲਿਖਿਆ, "ਵਿਜੇ ਮਾਲਿਆ : 9000 ਕਰੋੜ, ਨੀਰਵ ਮੋਦੀ: 14000 ਕਰੋੜ, ਰਿਸ਼ੀ ਅਗਰਵਾਲ: 23000 ਕਰੋੜ। ਅੱਜ ਜਦੋਂ ਕਰਜ਼ੇ ਦੇ ਬੋਝ ਹੇਠ ਦਬ ਕੇ ਦੇਸ਼ ਵਿੱਚ ਰੋਜ਼ ਲਗਭਗ 14 ਲੋਕ ਖੁਦਕੁਸ਼ੀ ਕਰ ਰਹੇ ਹਨ, ਉਦੋਂ ਇਨ੍ਹਾਂ ਦੀ ਜ਼ਿੰਦਗੀ ਸ਼ਾਨੋ-ਸ਼ੌਕਤ ਦੇ ਸਿਖਰ 'ਤੇ ਹੈ। ਇੱਕ 'ਮਜ਼ਬੂਤ ਸਰਕਾਰ' ਤੋਂ ਇਸ ਸੁਪਰ ਭ੍ਰਿਸ਼ਟ ਸਿਸਟਮ 'ਤੇ ਸਖ਼ਤ ਕਾਰਵਾਈ ਦੀ ਉਮੀਦ ਹੈ।"
Farmer protest
ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੇ ਹਾਲ ਹੀ ਵਿੱਚ ਕਈ ਮੁੱਦਿਆਂ 'ਤੇ ਸਰਕਾਰ ਦੇ ਸਟੈਂਡ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਤਿੰਨ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਵਿਰੋਧ ਨੂੰ ਸੰਭਾਲਣ ਲਈ ਕੇਂਦਰ 'ਤੇ ਨਿਸ਼ਾਨਾ ਸਾਧਿਆ ਸੀ, ਜੋ ਆਖਰਕਾਰ ਅੰਦੋਲਨ ਕਾਰਨ ਰੱਦ ਕਰ ਦਿੱਤੇ ਗਏ ਸਨ।
Varun Gandhi Tweet
ਉਨ੍ਹਾਂ ਨੇ ਸਾਲ ਭਰ ਚੱਲੇ ਕਿਰਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਵਾਰਾਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਸੀ ਅਤੇ ਕੇਂਦਰ ਨੂੰ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ।