
ਰੈੱਡੀ ਫ਼ਿਲਹਾਲ ਬ੍ਰਾਜ਼ੀਲ ’ਚ ਭਾਰਤ ਦੇ ਸਫ਼ੀਰ ਵਜੋਂ ਦੇ ਰਹੇ ਨੇ ਸੇਵਾ
New Delhi : ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਸੁਰੇਸ਼ ਕੇ ਰੈੱਡੀ ਨੂੰ ਮਿਸਰ ਵਿਚ ਭਾਰਤ ਦਾ ਅਗਲਾ ਸਫ਼ੀਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਵਿਦੇਸ਼ ਸੇਵਾ (ਆਈਐਫ਼ਐਸ) ਦੇ 1991 ਬੈਚ ਦੇ ਅਧਿਕਾਰੀ ਰਾਜਦੂਤ ਰੈੱਡੀ ਵਰਤਮਾਨ ਵਿਚ ਬ੍ਰਾਜ਼ੀਲ ’ਚ ਭਾਰਤ ਦੇ ਰਾਜਦੂਤ ਵਜੋਂ ਸੇਵਾ ਕਰ ਰਹੇ ਹਨ। ਬ੍ਰਾਜ਼ੀਲ ਵਿਚ ਭਾਰਤੀ ਦੂਤਾਵਾਸ ਦੇ ਅਨੁਸਾਰ, ਰਾਜਦੂਤ ਸੁਰੇਸ਼ ਕੇ ਰੈੱਡੀ ਨੇ 13 ਸਤੰਬਰ, 2020 ਨੂੰ ਬ੍ਰਾਜ਼ੀਲ ਦੇ ਸੰਘੀ ਗਣਰਾਜ ਵਿਚ ਭਾਰਤ ਦੇ ਰਾਜਦੂਤ ਵਜੋਂ ਅਹੁਦਾ ਸੰਭਾਲਿਆ। ਕਾਹਿਰਾ, ਮਸਕਟ, ਅਬੂ ਧਾਬੀ ਅਤੇ ਇਸਲਾਮਾਬਾਦ ’ਚ ਤਾਇਨਾਤੀਆਂ ਦੇ ਨਾਲ ਹੀ ਉਨ੍ਹਾਂ ਦਾ ਭਾਰਤੀ ਵਿਦੇਸ਼ ਸੇਵਾ ਵਿਚ ਇਕ ਖ਼ਾਸ ਕਰੀਅਰ ਰਿਹਾ ਹੈ। ਉਨ੍ਹਾਂ ਨੇ ਇਰਾਕ ਅਤੇ ਆਸੀਆਨ ਵਿਚ ਭਾਰਤ ਦੇ ਸਫ਼ੀਰ ਵਜੋਂ ਕੰਮ ਕੀਤਾ ਸੀ। ਦੂਤਾਵਾਸ ਦੇ ਅਨੁਸਾਰ, ਰੈਡੀ ਨੇ ਜੂਨ ਤੋਂ ਦਸੰਬਰ 2014 ਤਕ ਇਰਾਕ ਵਿਚ ਭਾਰਤ ਸਰਕਾਰ ਦੇ ਵਿਸ਼ੇਸ਼ ਦੂਤ ਵਜੋਂ ਵੀ ਸੇਵਾ ਕੀਤੀ, ਜਿਸ ਵਿਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ, ਭਲਾਈ ਅਤੇ ਨਿਕਾਸੀ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਹੱਲ ਕੀਤਾ।