
ਦੋ ਜਣੇ ਗ੍ਰਿਫ਼ਤਾਰ, ਹੋਰ ਮੁਲਜ਼ਮਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਤੇਜ਼
ਅਹਿਮਦਾਬਾਦ: ਗੁਜਰਾਤ ਯੂਨੀਵਰਸਿਟੀ ਦੇ ਹੋਸਟਲ ’ਚ ਨਮਾਜ਼ ਅਦਾ ਕਰਨ ’ਤੇ ਵਿਦੇਸ਼ੀ ਵਿਦਿਆਰਥੀਆਂ ’ਤੇ ਹੋਏ ਹਮਲੇ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੂਜੇ ਹੋਸਟਲ ’ਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਕ ਵਿਦੇਸ਼ੀ ਵਿਦਿਆਰਥੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀ ਨੇ ਦਸਿਆ ਕਿ ਯੂਨੀਵਰਸਿਟੀ ਨੇ ਸੁਰੱਖਿਆ ਏਜੰਸੀਆਂ ਨੂੰ ਅਪਣੇ ਹੋਸਟਲ ਬਲਾਕਾਂ ’ਚ ਸੁਰੱਖਿਆ ਮਜ਼ਬੂਤ ਕਰਨ ਲਈ ਸਾਬਕਾ ਫੌਜੀ ਜਵਾਨ ਤਾਇਨਾਤ ਕਰਨ ਦੇ ਵੀ ਹੁਕਮ ਦਿਤੇ ਹਨ। ਇਸ ਮਾਮਲੇ ’ਚ ਐਤਵਾਰ ਨੂੰ ਹਿਤੇਸ਼ ਮੇਵਾੜਾ ਅਤੇ ਭਰਤ ਪਟੇਲ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗੁਜਰਾਤ ਯੂਨੀਵਰਸਿਟੀ ਦੇ ਹੋਸਟਲ ’ਚ ਨਮਾਜ਼ ਅਦਾ ਕਰਨ ’ਤੇ ਵਿਦੇਸ਼ੀ ਵਿਦਿਆਰਥੀਆਂ ’ਤੇ ਕੁੱਝ ਲੋਕਾਂ ਨੇ ਹਮਲਾ ਕੀਤਾ ਸੀ। ਪੁਲਿਸ ਨੇ ਹੋਰ ਮੁਲਜ਼ਮਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ।
ਗੁਜਰਾਤ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੀਰਜਾ ਗੁਪਤਾ ਨੇ ਕਿਹਾ ਕਿ ਸੰਸਥਾ ਦੇ ਅਧਿਕਾਰੀਆਂ ਨੇ ਵਿਦੇਸ਼ੀ ਸਿੱਖਿਆ ਪ੍ਰੋਗਰਾਮ ਦੇ ਕੋਆਰਡੀਨੇਟਰ ਅਤੇ ਐਨ.ਆਰ.ਆਈ. ਹੋਸਟਲ ਦੇ ਵਾਰਡਨ ਨੂੰ ਤੁਰਤ ਪ੍ਰਭਾਵ ਨਾਲ ਹਟਾ ਦਿਤਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਤਿੰਨ ਦਿਨਾਂ ਦੇ ਅੰਦਰ ਐਨ.ਆਰ.ਆਈ. (ਪ੍ਰਵਾਸੀ ਭਾਰਤੀ) ਵਿਦਿਆਰਥੀਆਂ ਲਈ ਬਣਾਏ ਗਏ ਵੱਖਰੇ ਹੋਸਟਲ ’ਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਅਪਣੇ ਹੋਸਟਲ ਬਲਾਕਾਂ ’ਚ ਸੁਰੱਖਿਆ ਮਜ਼ਬੂਤ ਕਰਨ ਲਈ ਸਾਬਕਾ ਫੌਜੀ ਜਵਾਨਾਂ ਨੂੰ ਤਾਇਨਾਤ ਕਰਨ ਦੇ ਹੁਕਮ ਦਿਤੇ ਹਨ।
ਗੁਪਤਾ ਨੇ ਕਿਹਾ ਕਿ ਗੁਜਰਾਤ ਯੂਨੀਵਰਸਿਟੀ ਨੇ ਵਿਦੇਸ਼ੀ ਵਿਦਿਆਰਥੀ ਸਲਾਹਕਾਰ ਕਮੇਟੀ ਦਾ ਵੀ ਗਠਨ ਕੀਤਾ ਹੈ ਜਿਸ ’ਚ ਵਿਦੇਸ਼ੀ ਸਿੱਖਿਆ ਪ੍ਰੋਗਰਾਮ ਦੇ ਕੋਆਰਡੀਨੇਟਰ, ਕਾਨੂੰਨੀ ਸੈੱਲ ਦੇ ਸਹਾਇਕ ਰਜਿਸਟਰਾਰ ਅਤੇ ਯੂਨੀਵਰਸਿਟੀ ਲੋਕਪਾਲ ਮੈਂਬਰ ਹੋਣਗੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੁਲਿਸ ਡਿਪਟੀ ਕਮਿਸ਼ਨਰ ਤਰੁਣ ਦੁੱਗਲ ਨੇ ਦਸਿਆ ਕਿ ਘਟਨਾ ’ਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਫੜਨ ਲਈ ਤਕਨੀਕੀ ਨਿਗਰਾਨੀ ਅਤੇ ਹੋਰ ਤਰੀਕਿਆਂ ਦੀ ਵਰਤੋਂ ਕਰ ਕੇ ਜਾਂਚ ਜਾਰੀ ਹੈ।
ਪੁਲਿਸ ਮੁਤਾਬਕ ਸਨਿਚਰਵਾਰ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਦੋ ਵਿਦਿਆਰਥੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਇਕ ਵਿਦਿਆਰਥੀ ਸ਼੍ਰੀਲੰਕਾ ਅਤੇ ਦੂਜਾ ਤਾਜਿਕਸਤਾਨ ਦਾ ਹੈ। 20-25 ਅਣਪਛਾਤੇ ਹਮਲਾਵਰਾਂ ਵਿਰੁਧ ਦੰਗੇ, ਗੈਰ-ਕਾਨੂੰਨੀ ਢੰਗ ਨਾਲ ਇਕੱਠੇ ਹੋਣ, ਸੱਟ ਪਹੁੰਚਾਉਣ, ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਸਮੇਤ ਭਾਰਤੀ ਦੰਡਾਵਲੀ ਦੀਆਂ ਹੋਰ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਜੀ.ਐਸ. ਮਲਿਕ ਨੇ ਐਤਵਾਰ ਨੂੰ ਕਿਹਾ ਸੀ ਕਿ ਘਟਨਾ ਦੀ ਜਾਂਚ ਲਈ ਨੌਂ ਟੀਮਾਂ ਦਾ ਗਠਨ ਕੀਤਾ ਗਿਆ ਹੈ। ਮਲਿਕ ਨੇ ਕਿਹਾ ਕਿ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਇਸ ਮਾਮਲੇ ’ਚ ਸਖਤ ਕਾਰਵਾਈ ਕਰਨ ਦੇ ਹੁਕਮ ਦਿਤੇ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸਨਿਚਰਵਾਰ ਰਾਤ ਕਰੀਬ 10:50 ਵਜੇ ਕਰੀਬ ਦੋ ਦਰਜਨ ਲੋਕ ਗੁਜਰਾਤ ਯੂਨੀਵਰਸਿਟੀ ਦੇ ਹੋਸਟਲ ’ਚ ਦਾਖਲ ਹੋਏ ਅਤੇ ਵਿਦੇਸ਼ੀ ਵਿਦਿਆਰਥੀਆਂ ਦੇ ਉੱਥੇ ਨਮਾਜ਼ ਅਦਾ ਕਰਨ ’ਤੇ ਇਤਰਾਜ਼ ਪ੍ਰਗਟਾਇਆ।
ਮਲਿਕ ਨੇ ਕਿਹਾ ਕਿ ਕਰੀਬ 20-25 ਲੋਕ ਹੋਸਟਲ ’ਚ ਦਾਖਲ ਹੋਏ ਅਤੇ ਵਿਦੇਸ਼ੀ ਵਿਦਿਆਰਥੀਆਂ ਦੇ ਉੱਥੇ ਨਮਾਜ਼ ਅਦਾ ਕਰਨ ’ਤੇ ਇਤਰਾਜ਼ ਜਤਾਇਆ ਅਤੇ ਉਨ੍ਹਾਂ ਨੂੰ ਮਸਜਿਦ ’ਚ ਨਮਾਜ਼ ਅਦਾ ਕਰਨ ਲਈ ਕਿਹਾ। ਉਨ੍ਹਾਂ ਵਿਚਾਲੇ ਬਹਿਸ ਹੋਈ, ਵਿਦਿਆਰਥੀਆਂ ’ਤੇ ਹਮਲਾ ਕੀਤਾ ਗਿਆ ਅਤੇ ਪੱਥਰ ਸੁੱਟੇ ਗਏ। ਉਨ੍ਹਾਂ ਨੇ ਉਨ੍ਹਾਂ ਦੇ ਕਮਰਿਆਂ ’ਚ ਵੀ ਭੰਨਤੋੜ ਕੀਤੀ।
ਮਲਿਕ ਨੇ ਕਿਹਾ ਕਿ ਅਫਗਾਨਿਸਤਾਨ, ਤਾਜਿਕਸਤਾਨ, ਸ਼੍ਰੀਲੰਕਾ ਅਤੇ ਅਫਰੀਕਾ ਦੇ ਵਿਦਿਆਰਥੀਆਂ ਸਮੇਤ ਲਗਭਗ 300 ਵਿਦੇਸ਼ੀ ਵਿਦਿਆਰਥੀ ਗੁਜਰਾਤ ਯੂਨੀਵਰਸਿਟੀ ਵਿਚ ਪੜ੍ਹਦੇ ਹਨ। ਅਧਿਕਾਰੀ ਨੇ ਦਸਿਆ ਕਿ ਯੂਨੀਵਰਸਿਟੀ ਦੇ ਏ-ਬਲਾਕ ਹੋਸਟਲ ’ਚ ਕਰੀਬ 75 ਵਿਦੇਸ਼ੀ ਵਿਦਿਆਰਥੀ ਰਹਿੰਦੇ ਹਨ। ਗੁਜਰਾਤ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਨੀਰਜਾ ਗੁਪਤਾ ਨੇ ਕਿਹਾ ਸੀ ਕਿ ਸਨਿਚਰਵਾਰ ਰਾਤ ਨੂੰ ਏ-ਬਲਾਕ ਹੋਸਟਲ ਦੇ ਕੰਪਲੈਕਸ ਵਿਚ ਦੋ ਸਮੂਹਾਂ ਵਿਚਾਲੇ ਝੜਪ ਹੋਈ। ਉਨ੍ਹਾਂ ਕਿਹਾ ਕਿ ਮਾਮਲਾ ਵਧ ਗਿਆ ਅਤੇ ਕੁੱਝ ਵਿਦੇਸ਼ੀ ਵਿਦਿਆਰਥੀ ਜ਼ਖਮੀ ਹੋ ਗਏ।