
Noida News : ਭਾਰਤ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਈ ਪਾਕਿਸਤਾਨੀ ਔਰਤ ਸੀਮਾ ਹੈਦਰ ਨੇ ਮੰਗਲਵਾਰ ਨੂੰ ਇਕ ਬੇਟੀ ਨੂੰ ਜਨਮ ਦਿਤਾ
Noida News in Punjabi : ਭਾਰਤ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਈ ਪਾਕਿਸਤਾਨੀ ਔਰਤ ਸੀਮਾ ਹੈਦਰ ਨੇ ਮੰਗਲਵਾਰ ਨੂੰ ਇਕ ਬੇਟੀ ਨੂੰ ਜਨਮ ਦਿਤਾ। ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਸੀਮਾ, ਜੋ ਦੋ ਸਾਲ ਪਹਿਲਾਂ ਅਪਣੇ ਚਾਰ ਬੱਚਿਆਂ ਨਾਲ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ’ਚ ਦਾਖ਼ਲ ਹੋਈ ਸੀ, ਨੇ ਅਪਣਾ ਧਰਮ ਬਦਲ ਲਿਆ ਸੀ ਅਤੇ ਸਚਿਨ ਮੀਨਾ ਨਾਲ ਰਹਿੰਦੀ ਹੈ, ਜਿਸ ਨਾਲ ਉਹ ਵਿਆਹ ਕਰਨ ਦਾ ਦਾਅਵਾ ਕਰਦੀ ਹੈ।
ਜੋੜੇ ਦੇ ਵਕੀਲ ਏ.ਪੀ. ਸਿੰਘ ਨੇ ਦਸਿਆ ਕਿ ਸੀਮਾ ਨੇ ਗ੍ਰੇਟਰ ਨੋਇਡਾ ਦੇ ਇਕ ਨਿੱਜੀ ਹਸਪਤਾਲ ’ਚ ਸਵੇਰੇ 4 ਵਜੇ ਬੱਚੀ ਨੂੰ ਜਨਮ ਦਿਤਾ ਅਤੇ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਹਨ। ਉਨ੍ਹਾਂ ਕਿਹਾ, ‘‘ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੋਸ਼ਲ ਮੀਡੀਆ ਰਾਹੀਂ ਬੱਚੇ ਦਾ ਨਾਮ ਸੁਝਾਉਣ।’’
ਪਾਕਿਸਤਾਨ ਦੇ ਸਿੰਧ ਸੂਬੇ ਦੇ ਜੈਕੋਬਾਬਾਦ ਦੀ ਰਹਿਣ ਵਾਲੀ ਸੀਮਾ ਮਈ 2023 ’ਚ ਕਰਾਚੀ ’ਚ ਅਪਣਾ ਘਰ ਛੱਡ ਕੇ ਅਪਣੇ ਬੱਚਿਆਂ ਨਾਲ ਨੇਪਾਲ ਦੇ ਰਸਤੇ ਭਾਰਤ ਆਈ ਸੀ। ਉਹ ਜੁਲਾਈ ’ਚ ਸੁਰਖੀਆਂ ’ਚ ਆਈ ਸੀ ਜਦੋਂ ਭਾਰਤੀ ਅਧਿਕਾਰੀਆਂ ਨੇ ਉਸ ਨੂੰ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਖੇਤਰ ’ਚ 27 ਸਾਲ ਦੇ ਸਚਿਨ ਨਾਲ ਰਹਿੰਦੇ ਹੋਏ ਫੜਿਆ ਸੀ।
ਦੋਵੇਂ ਕਥਿਤ ਤੌਰ ’ਤੇ 2019 ’ਚ ਇਕ ਆਨਲਾਈਨ ਗੇਮ ਖੇਡਣ ਦੌਰਾਨ ਸੰਪਰਕ ’ਚ ਆਏ ਸਨ। ਉਸ ਦੇ ਪਾਕਿਸਤਾਨੀ ਪਤੀ ਗੁਲਾਮ ਹੈਦਰ ਨਾਲ ਚਾਰ ਬੱਚੇ ਹਨ, ਜਿਸ ਨੇ ਪਹਿਲਾਂ ਅਪਣੇ ਬੱਚਿਆਂ ਦੀ ਕਸਟਡੀ ਹਾਸਲ ਕਰਨ ਲਈ ਇਕ ਭਾਰਤੀ ਵਕੀਲ ਦੀ ਨਿਯੁਕਤੀ ਕੀਤੀ ਸੀ।
ਸੀਮਾ ਅਤੇ ਸਚਿਨ ਨੂੰ ਜੁਲਾਈ 2023 ’ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ’ਤੇ ਸਰਹੱਦ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ’ਚ ਦਾਖਲ ਹੋਣ ਦਾ ਦੋਸ਼ ਹੈ, ਜਦਕਿ ਸਚਿਨ ’ਤੇ ਇਕ ਗੈਰ-ਕਾਨੂੰਨੀ ਪ੍ਰਵਾਸੀ ਨੂੰ ਪਨਾਹ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿਚ ਦੋਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ। ਸੀਮਾ ਦਾ ਦਾਅਵਾ ਹੈ ਕਿ ਉਸ ਨੇ ਸਚਿਨ ਨਾਲ ਵਿਆਹ ਕਰਨ ਤੋਂ ਬਾਅਦ ਹਿੰਦੂ ਧਰਮ ਅਪਣਾ ਲਿਆ ਸੀ।
(For more news apart from Pakistani woman Seema Haider gives birth baby girl in Greater Noida News in Punjabi, stay tuned to Rozana Spokesman)