
Chhattisgarh News: ਮਾਂ ਤੋਂ ਮੰਗੇ ਸਨ 200 ਰੁਪਏ, 800 ’ਚ ਖ਼੍ਰੀਦਣਾ ਸੀ ਜਰਮਨ ਸ਼ੈਫਰਡ ਕੁੱਤਾ
Chhattisgarh News: ਛੱਤੀਸਗੜ੍ਹ ਦੇ ਰਾਏਪੁਰ ਸ਼ਹਿਰ ਦੇ ਬਾਹਰਵਾਰ ਇੱਕ 45 ਸਾਲਾ ਵਿਅਕਤੀ ਨੇ ਆਪਣੀ ਬਜ਼ੁਰਗ ਮਾਂ ਦੀ ਹੱਤਿਆ ਕਰ ਦਿੱਤੀ ਕਿਉਂਕਿ ਉਸਨੇ ਉਸਨੂੰ ਕੁੱਤਾ ਖ਼੍ਰੀਦਣ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਉਸ ਵਿਅਕਤੀ ਨੇ ਆਪਣੀ ਪਤਨੀ ’ਤੇ ਵੀ ਹਮਲਾ ਕਰ ਦਿੱਤਾ। ਉਰਲਾ ਥਾਣੇ ਦੇ ਐਸਐਚਓ ਬੀਐਲ ਚੰਦਰਾਕਰ ਨੇ ਦੱਸਿਆ ਕਿ ਇਹ ਘਟਨਾ ਉਰਲਾ ਥਾਣਾ ਖੇਤਰ ਦੇ ਅਧੀਨ ਨਾਗੇਸ਼ਵਰ ਨਗਰ ਵਿੱਚ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਕਿਹਾ ਕਿ ਦੋਸ਼ੀ ਪ੍ਰਦੀਪ ਦੇਵਾਂਗਨ ਨੇ ਆਪਣੀ ਮਾਂ ਗਣੇਸ਼ੀ (70) ਤੋਂ ਕੁੱਤਾ ਖਰੀਦਣ ਲਈ 200 ਰੁਪਏ ਮੰਗੇ ਸਨ।
ਚੰਦਰਕਰ ਨੇ ਦੱਸਿਆ ਕਿ ਪ੍ਰਦੀਪ ਇੱਕ ਜਰਮਨ ਸ਼ੈਫਰਡ ਕੁੱਤਾ ਖ਼੍ਰੀਦਣਾ ਚਾਹੁੰਦਾ ਸੀ, ਜੋ ਉਸਨੂੰ ਅੱਠ ਸੌ ਰੁਪਏ ’ਚ ਮਿਲ ਰਿਹਾ ਸੀ। ਪ੍ਰਦੀਪ ਕੋਲ ਛੇ ਸੌ ਰੁਪਏ ਸਨ ਅਤੇ ਉਸਨੇ ਆਪਣੀ ਮਾਂ ਤੋਂ ਦੋ ਸੌ ਰੁਪਏ ਮੰਗੇ। ਉਸਨੇ ਦੱਸਿਆ ਕਿ ਜਦੋਂ ਉਸਦੀ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪ੍ਰਦੀਪ ਨੇ ਉਸ ’ਤੇ ਹਥੌੜੇ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਰਾਮੇਸ਼ਵਰੀ ’ਤੇ ਵੀ ਹਮਲਾ ਕੀਤਾ।
ਅਧਿਕਾਰੀ ਨੇ ਦੱਸਿਆ ਕਿ ਪ੍ਰਦੀਪ ਈ-ਰਿਕਸ਼ਾ ਚਲਾਉਂਦਾ ਹੈ ਅਤੇ ਉਸਦੇ ਦੋ ਪੁੱਤਰ ਅਤੇ ਇੱਕ ਧੀ ਹੈ। ਉਸਨੇ ਦੱਸਿਆ ਕਿ ਘਟਨਾ ਤੋਂ ਬਾਅਦ ਜਦੋਂ ਪ੍ਰਦੀਪ ਦੇ 15 ਸਾਲਾ ਪੁੱਤਰ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦੀਪ ਮੌਕੇ ਤੋਂ ਭੱਜ ਗਿਆ। ਬਾਅਦ ਵਿੱਚ ਪੁੱਤਰ ਨੇ ਗੁਆਂਢੀਆਂ ਨੂੰ ਘਟਨਾ ਬਾਰੇ ਦੱਸਿਆ ਅਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਔਰਤਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਗਣੇਸ਼ੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਾਮੇਸ਼ਵਰੀ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਪ੍ਰਦੀਪ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
(For more news apart from Chhattisgarh Latest News, stay tuned to Rozana Spokesman)