
ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਨੇ ਵੀ ਘਰ ਤੋਂ ਹੀ ਵੋਟ ਪਾਈ
Lok Sabha Elections 2024: ਨਵੀਂ ਦਿੱਲੀ - ਸਾਬਕਾ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਨੇ 'ਘਰ ਤੋਂ ਵੋਟ ਸੁਵਿਧਾ' ਸਹੂਲਤ ਦੀ ਵਰਤੋਂ ਕਰਦਿਆਂ ਵੋਟ ਪਾਈ। ਦਿੱਲੀ ਦੇ ਇਕ ਚੋਣ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦਫ਼ਤਰ ਨੇ ਵੀਰਵਾਰ ਨੂੰ ਬਜ਼ੁਰਗ ਵੋਟਰਾਂ ਅਤੇ ਦਿਵਿਆਂਗ ਵਿਅਕਤੀਆਂ (ਪੀ.ਡਬਲਯੂ.ਡੀ.) ਲਈ 'ਵੋਟ ਫਰਾਮ ਹੋਮ' ਨਾਂ ਦੀ ਸਹੂਲਤ ਸ਼ੁਰੂ ਕੀਤੀ, ਜੋ 24 ਮਈ ਤੱਕ ਜਾਰੀ ਰਹੇਗੀ। ਦਫ਼ਤਰ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਰੇ ਸੱਤ ਸੰਸਦੀ ਹਲਕਿਆਂ ਵਿਚ 1409 ਵੋਟਰਾਂ ਨੇ ਆਪਣੇ ਘਰਾਂ ਤੋਂ ਵੋਟ ਪਾਈ।
ਪੱਛਮੀ ਦਿੱਲੀ ਹਲਕੇ ਵਿਚ 348 ਵੋਟਰਾਂ ਨਾਲ ਅਜਿਹੀਆਂ ਸਭ ਤੋਂ ਵੱਧ ਵੋਟਾਂ ਦਰਜ ਕੀਤੀਆਂ ਗਈਆਂ। ਇਨ੍ਹਾਂ 'ਚੋਂ 299 ਬਜ਼ੁਰਗ ਸਨ। ਸੀਈਓ ਦਫ਼ਤਰ ਨੇ ਦੱਸਿਆ ਕਿ ਦੂਜੇ ਦਿਨ ਤੱਕ ਕੁੱਲ 2,956 ਵੋਟਰਾਂ ਨੇ ਘਰ ਤੋਂ ਵੋਟ ਪਾਈ ਹੈ। ਦਫ਼ਤਰ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ 17 ਮਈ ਨੂੰ ਨਵੀਂ ਦਿੱਲੀ ਸੰਸਦੀ ਹਲਕੇ ਵਿੱਚ ਆਪਣੇ ਘਰ ਤੋਂ ਵੋਟ ਪਾਈ ਸੀ।
ਸੂਤਰਾਂ ਨੇ ਦੱਸਿਆ ਕਿ ਮੁਹੰਮਦ ਹਾਮਿਦ ਅੰਸਾਰੀ ਨੇ ਵੀਰਵਾਰ ਨੂੰ ਵੋਟ ਪਾਈ ਜਦਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਸ਼ਨੀਵਾਰ ਨੂੰ ਵੋਟ ਪਾਈ। ਪਹਿਲੇ ਦਿਨ 1,482 ਲੋਕਾਂ ਨੇ ਘਰ ਤੋਂ ਹੀ ਵੋਟਿੰਗ ਦੀ ਸਹੂਲਤ ਦਾ ਲਾਭ ਲਿਆ ਸੀ।