
ਲੋਕ ਸਭਾ ਦੇ ਸਪੀਕਰ ਨੂੰ ਲੈ ਕੇ ਸਸਪੈਂਸ ਹੁਣ ਖ਼ਤਮ ਹੋ ਗਿਆ ਹੈ। ਲੋਕ ਸਭਾ ਦੇ ਨਵੇਂ ਸਪੀਕਰ ਕੌਣ ਹੋਣਗੇ, ਇਹ ਲਗਭਗ ਤੈਅ ਹੋ ਗਿਆ ਹੈ।
ਨਵੀਂ ਦਿੱਲੀ : ਲੋਕ ਸਭਾ ਦੇ ਸਪੀਕਰ ਨੂੰ ਲੈ ਕੇ ਸਸਪੈਂਸ ਹੁਣ ਖ਼ਤਮ ਹੋ ਗਿਆ ਹੈ। ਲੋਕ ਸਭਾ ਦੇ ਨਵੇਂ ਸਪੀਕਰ ਕੌਣ ਹੋਣਗੇ, ਇਹ ਲਗਭਗ ਤੈਅ ਹੋ ਗਿਆ ਹੈ। ਰਾਜਸਥਾਨ ਦੇ ਕੋਟਾ ਤੋਂ ਭਾਜਪਾ ਸੰਸਦ ਮੈਂਬਰ ਸ੍ਰੀ ਓਮ ਬਿਰਲਾ ਨਵੇਂ ਲੋਕ ਸਭਾ ਸਪੀਕਰ ਹੋ ਸਕਦੇ ਹਨ। ਉਹ ਅੱਜ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ। ਸ੍ਰੀ ਬਿਰਲਾ ਦਰਅਸਲ ਸ੍ਰੀ ਅਮਿਤ ਸ਼ਾਹ ਦੇ ਬਹੁਤ ਕਰੀਬੀ ਸਮਝੇ ਜਾਂਦੇ ਹਨ। ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਨੂੰ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਸੀ। ਸ੍ਰੀ ਬਿਰਲਾ ਇਸ ਵਾਰ ਸਾਲ 2019 ਤੇ ਪਿਛਲੀ ਵਾਰ 2014 ਦੀ ਸੰਸਦੀ ਚੋਣ ਵੀ ਜਿੱਤੇ ਸਨ। ਉਹ ਤਿੰਨ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ।
Om Birla to be new Lok Sabha Speaker
17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਅੱਜ ਦੂਜੇ ਦਿਨ ਵੀ ਨਵੇਂ ਸੰਸਦ ਮੈਂਬਰਾਂ ਦੀ ਸਹੁੰ–ਚੁਕਾਈ ਦੀ ਰਸਮ ਜਾਰੀ ਰਹੇਗੀ। ਕੁੱਲ 543 ਨਵੇਂ ਸੰਸਦ ਮੈਂਬਰਾਂ ਨੇ ਸਹੁੰ ਚੁੱਕਣੀ ਹੈ। ਅੱਜ ਸੋਨੀਆ ਗਾਂਧੀ, ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ ਜਿਹੇ ਬਹੁ–ਚਰਚਿਤ ਆਗੂ ਵੀ ਹਲਫ਼ ਲੈਣਗੇ। ਸਦਨ ’ਚ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣ ਲਈ ਪ੍ਰੋਟੈਮ ਸਪੀਕਰ ਵਜੋਂ ਟੀਕਮਗੜ੍ਹ ਤੋਂ ਭਾਜਪਾ ਸੰਸਦ ਮੈਂਬਰ ਵੀਰੇਂਦਰ ਕੁਮਾਰ ਨੂੰ ਕੱਲ੍ਹ ਨਿਯੁਕਤ ਕੀਤਾ ਗਿਆ ਸੀ। ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਪ੍ਰੋਟੈਮ ਸਪੀਕਰ ਦੇ ਅਹੁਦੇ ਦੀ ਸਹੁੰ ਚੁਕਾਈ ਸੀ।