
ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 8 ਦਿਨ ਪਹਿਲਾਂ ਲਵ ਮੈਰਿਜ (ਪ੍ਰੇਮ ਵਿਆਹ)
ਰੇਵਾੜੀ, 17 ਜੂਨ : ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 8 ਦਿਨ ਪਹਿਲਾਂ ਲਵ ਮੈਰਿਜ (ਪ੍ਰੇਮ ਵਿਆਹ) ਕਰ ਕੇ ਆਈ ਲਾੜੀ ਜਾਂਚ ’ਚ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਦਸਣਯੋਗ ਹੈ ਕਿ ਜ਼ਿਲ੍ਹੇ ’ਚ ਵਾਇਰਸ ਇਨਫ਼ੈਕਸ਼ਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਲਾੜੀ ਦੇ ਪੀੜਤ ਪਾਏ ਜਾਣ ਤੋਂ ਬਾਅਦ ਉਸ ਨੂੰ ਕੋਵਿਡ-19 ਹਸਪਤਾਲ ’ਚ ਭਰਤੀ ਕਰਵਾ ਦਿਤਾ ਗਿਆ ਹੈ। ਜਿਥੇ ਉਸ ਦਾ ਇਲਾਜ ਸ਼ੁਰੂ ਕਰ ਦਿਤਾ ਹੈ। ਉਥੇ ਹੀ ਉਸ ਦੇ ਪਤੀ ਨੂੰ ਕੁਆਰੰਟੀਨ ਕਰ ਦਿਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਸੰਪਰਕ ’ਚ ਆਏ ਲੋਕਾਂ ਦੀ ਪਛਾਣ ਦਾ ਕੰਮ ਤੇਜ਼ ਕਰ ਦਿਤਾ ਗਿਆ ਹੈ।
File Photo
ਮੀਡੀਆ ਰਿਪੋਰਟ ਅਨੁਸਾਰ ਕਾਲੂਵਾਸ ਪਿੰਡ ਵਾਸੀ ਨੌਜਵਾਨ ਨੇ ਦਿੱਲੀ ਦੀ ਕੁੜੀ ਨਾਲ 8 ਦਿਨ ਪਹਿਲਾਂ ਲਵ ਮੈਰਿਜ ਕੀਤੀ ਸੀ। ਵਿਆਹ ਕਰਨ ਤੋਂ ਬਾਅਦ ਨੌਜਵਾਨ ਅਪਣੀ ਪਤਨੀ ਨੂੰ ਪਿਛਲੇ ਹਫ਼ਤੇ ਹੀ ਅਪਣੇ ਘਰ ਲੈ ਕੇ ਆਇਆ ਸੀ। ਹਾਲਾਂਕਿ ਧਮਕੀ ਦੇ ਮੱਦੇਨਜ਼ਰ ਫ਼ਿਲਹਾਲ ਲਾੜਾ-ਲਾੜੀ ਪੁਲਿਸ ਸੁਰੱਖਿਆ ’ਚ ਹਨ। ਦਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਸਿਹਤ ਖ਼ਰਾਬ ਹੋਣ ’ਤੇ ਪੁਲਿਸ ਪ੍ਰਸ਼ਾਸਨ ਨੇ ਕੁੜੀ ਦੀ ਜਾਂਚ ਕਰਵਾਈ ਤਾਂ ਉਹ ਕੋਰੋਨਾ ਵਾਇਰਸ ਪੀੜਤ ਨਿਕਲੀ। ਇਸ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਦੂਜੇ ਪਾਸੇ ਸਿਹਤ ਵਿਭਾਗ ਅਨੁਸਾਰ ਲਾੜਾ-ਲਾੜੀ ਦੇ ਸੰਪਰਕ ’ਚ ਆਏ ਲੋਕਾਂ ਨੂੰ ਕੁਆਰੰਟੀਨ ਲਈ ਕਿਹਾ ਗਿਆ ਹੈ। ਇਸ ’ਚ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਦਸਿਆ ਜਾ ਰਿਹਾ ਹੈ ਕਿ ਅਜਿਹੇ ਲੋਕਾਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ, ਜੋ ਲਾੜੀ-ਲਾੜੀ ਦੇ ਸੰਪਰਕ ’ਚ ਆਏ ਸਨ। ਪਤੀ ਨੂੰ ਵੀ ਕੁਆਰੰਟੀਨ ਲਈ ਕਿਹਾ ਗਿਆ ਹੈ ਅਤੇ ਸਿਹਤ ਵਿਭਾਗ ਉਸ ’ਤੇ ਸਖ਼ਤ ਨਜ਼ਰ ਰੱਖ ਰਿਹਾ ਹੈ। (ਏਜੰਸੀ)