
ਆਂਧਰਾ ਪ੍ਰਦੇਸ਼ 'ਚ ਕ੍ਰਿਸ਼ਨਾ ਜ਼ਿਲ੍ਹੇ ਦੇ ਵੇਦਾਰੀ ਪਿੰਡ 'ਚ ਇਕ ਟਰੈਕਟਰ ਦੀ ਸੀਮੈਂਟ ਨਾਲ ਭਰੀ ਲਾਰੀ ਨਾਲ ਟੱਕਰ ਹੋ ਗਈ।
ਵਿਜੇਵਾੜਾ, 17 ਜੂਨ : ਆਂਧਰਾ ਪ੍ਰਦੇਸ਼ 'ਚ ਕ੍ਰਿਸ਼ਨਾ ਜ਼ਿਲ੍ਹੇ ਦੇ ਵੇਦਾਰੀ ਪਿੰਡ 'ਚ ਇਕ ਟਰੈਕਟਰ ਦੀ ਸੀਮੈਂਟ ਨਾਲ ਭਰੀ ਲਾਰੀ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਟਰੈਕਟਰ ਸਵਾਰ 2 ਬੱਚਿਆਂ ਸਮੇਤ 9 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ 3 ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਦਸਿਆ ਕਿ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਯੇਰਰਪਾਲਮ ਪਿੰਡ ਦੇ ਕਰੀਬ 26 ਲੋਕ ਟਰੈਕਟਰ 'ਚ ਸਵਾਰ ਹੋ ਕੇ ਲਕਸ਼ਮੀ ਨਰਸਿਮਹਾ ਸਵਾਮੀ ਮੰਦਰ ਗਏ ਸਨ।
File Photo
ਜਦੋਂ ਉਹ ਅਪਣੇ ਪਿੰਡ ਵਾਪਸ ਆ ਰਹੇ ਸਨ, ਉਦੋਂ ਟਰੈਕਟਰ ਦੀ ਸੀਮੈਂਟ ਨਾਲ ਭਰੀ ਇਕ ਤੇਜ਼ ਰਫ਼ਤਾਰ ਲਾਰੀ ਨਾਲ ਟੱਕਰ ਹੋ ਗਈ, ਜਿਸ 'ਚ 7 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ ਅਤੇ 2 ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿਤਾ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ 'ਚੋਂ ਕੁੱਝ ਨੂੰ ਬਾਅਦ 'ਚ ਬਿਹਤਰ ਇਲਾਜ ਲਈ ਇੱਥੇ ਜੀ.ਜੀ.ਐਚ. ਰੈਫ਼ਰ ਕਰ ਦਿਤਾ ਗਿਆ। ਪੁਲਿਸ ਮ੍ਰਿਤਕ ਅਤੇ ਜ਼ਖ਼ਮੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। (ਏਜੰਸੀ)