
ਸੈਂਕੜੇ ਮਜ਼ਦੂਰਾਂ ਦੀ ਸਿਹਤ ’ਤੇ ਪੈ ਰਿਹੇ ਬੁਰਾ ਅਸਰ
ਦਾਰਜਲਿੰਗ/ਸਿਲੀਗੁੜੀ: ਜਲਵਾਯੂ ਤਬਦੀਲੀ ਦਾ ਅਸਰ ਹੁਣ ਦਾਰਜਲਿੰਗ ਦੇ ਪ੍ਰਸਿੱਧ ਚਾਹ ਵਾਲੇ ਬਾਗ਼ਾਂ ਦੇ ਉਤਪਾਦਨ, ਚਾਹ ਦੇ ਸਵਾਦ ਅਤੇ ਸੈਂਕੜੇ ਮਜ਼ਦੂਰਾਂ ਦੀ ਸਿਹਤ ’ਤੇ ਪੈਂਦਾ ਦਿਸ ਰਿਹਾ ਹੈ। ਇਥੇ ਕੰਮ ਕਰਨ ਵਾਲੇ ਕਾਰਕੁਨਾਂ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਅਜੇ ਤਕ ਇਨ੍ਹਾਂ ਤੱਥਾਂ ਨੂੰ ਸਾਬਤ ਕਰਨ ਲਈ ਕੋਈ ਅੰਕੜੇ ਮੌਜੂਦ ਨਹੀਂ ਹਨ। ਹਾਲਾਂਕਿ ਇਸ ਨੂੰ ਹਰ ਦਿਨ ਮਹਿਸੂਸ ਕੀਤਾ ਜਾ ਰਿਹਾ ਹੈ।
ਸਮਸਿਆ ਦਾ ਮੁੱਖ ਕਾਰਨ ਕੀਟਨਾਸ਼ਕਾਂ ਦਾ ਪ੍ਰਯੋਗ ਅਤੇ ਇਸ ਦਾ ‘ਹਾਈਡਰਾ’ ਅਸਰ ਹੈ। ਮੌਸਮ ਦੇ ਲਗਾਤਾਰ ਬਹੁਤ ਜ਼ਿਆਦਾ ਬਦਲਣ ਕਾਰਨ, ਚਾਹ ਦੇ ਬਾਗਾਂ ਦੇ ਮਾਲਕ ਅਪਣੀ ਪੈਦਾਵਾਰ ਨੂੰ ਬਚਾਉਣ ਲਈ ਕਾਫ਼ੀ ਮਿਹਨਤ ਕਰ ਰਹੇ ਹਨ। ਬਾਗਾਂ ’ਚ ਕੰਮ ਕਰਨ ਵਾਲੀ ਵਰਸ਼ਾ (34) ਨੇ ਦਸਿਆ ਕਿ ਉਨ੍ਹਾਂ ਨੂੰ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ, ਹੱਥਾਂ ਅਤੇ ਪੈਰਾਂ ’ਚ ਖਾਜ ਹੁੰਦੀ ਰਹਿੰਦੀ ਹੈ ਅਤੇ ਛਾਤੀ ’ਚ ਲਗਾਤਾਰ ਭਾਰੀਪਨ ਰਹਿੰਦਾ ਹੈ।
ਉਨ੍ਹਾਂ ਕਿਹਾ, ‘‘ਪਿਛਲੇ ਕੁਝ ਸਾਲਾਂ ’ਚ ਕਈ ਚਾਹ ਬਾਗਾਂ ਦੇ ਮਾਲਕਾਂ ਨੇ ਚਾਹ ਦੇ ਉਤਪਾਦਨ ਨੂੰ ਵਧਾਉਣ ਲਈ ਕੀਟਨਾਸ਼ਕਾਂ ਦਾ ਪ੍ਰਯੋਗ ਕੀਤਾ ਹੈ ਕਿਉਂਕਿ ਸੋਕਾ, ਕਦੇ ਘੱਟ-ਕਦੇ ਵੱਧ ਮੀਂਹ ਅਤੇ ਕੀੜਿਆਂ ਦੇ ਹਮਲਿਆਂ ਕਾਰਨ ਉਤਪਾਦਨ ਘਟ ਰਿਹਾ ਹੈ।’’ ਵਰਸ਼ਾ ਨੇ ਕਿਹਾ, ‘‘ਅਸੀਂ ਬਗ਼ੈਰ ਦਸਤਾਨੇ ਅਤੇ ਮਾਸਕ ਤੋਂ ਇਨ੍ਹਾਂ ਰਸਾਇਣਾਂ ਦਾ ਛਿੜਕਾਅ ਕਰਨ ਲਈ ਮਜਬੂਰ ਹਾਂ।’’
ਰਸਾਇਣਕ ਕੀਟਨਾਸ਼ਕਾਂ ਨਾਲ ਉਨ੍ਹਾਂ ਦੀ ਸਾਥਣ ਮਮਤਾ ਦੀ ਸਿਹਤ ’ਤੇ ਵੀ ਅਸਰ ਪਿਆ ਹੈ। ਮਮਤਾ ਵੀ ਉਸ ਬਾਗ ’ਚ ਪੱਤੀਆਂ ਤੋੜਨ, ਉਨ੍ਹਾਂ ਨੂੰ ਸੁਕਾਉਣ ਅਤੇ ਉਨ੍ਹਾਂ ’ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦਾ ਕੰਮ ਕਰਦੀ ਹੈ। ਉਨ੍ਹਾਂ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਸਾਹ ਲੈਣ ’ਚ ਤਕਲੀਫ਼ (ਦਮੇ ਦੀ ਸਮਸਿਆ) ਹੋ ਰਹੀ ਹੈ।
‘ਐਕਟੀਵਿਸਟ ਹੈਲਥਕੇਅਰ’ ਸੰਸਥਾ ਦੇ ਸੰਸਥਾਪਕ ਅਤੇ ਨਿਰਦੇਸ਼ਕ ਡਾ. ਅਮਿਤ ਦੇਸ਼ਪਾਂਡੇ ਨੇ ਦਸਿਆ ਕਿ ਲੰਮੇ ਸਮੇਂ ਤਕ ਰਸਾਇਣਾਂ ਦੇ ਸੰਪਰਕ ’ਚ ਰਹਿਣ ਨਾਲ ਕੈਂਸਰ ਸਮੇਤ ਹੋਰ ਰੋਗ ਹੋ ਸਕਦੇ ਹਨ, ਜਿਸ ਨਾਲ ਸਰੀਰ ਦੇ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਚਾਹ ਦੇ ਬਾਗਾਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਬਾਗ ਦੇ ਆਕਾਰ ’ਤੇ ਨਿਰਭਰ ਕਰਦੀ ਹੈ। ਛੋਟੇ ਚਾਹ ਬਾਗਾਂ ’ਚ ਲਗਭਗ 250 ਮਜ਼ਦੂਰ ਹੁੰਦੇ ਹਨ, ਦਰਮਿਆਨੇ ਆਕਾਰ ਦੇ ਬਾਗ ’ਚ 600 ਅਤੇ ਵੱਡੇ ਚਾਹ ਦੇ ਬਾਗ ’ਚ 900 ਤੋਂ ਵੱਧ ਮਜ਼ਦੂਰ ਕੰਮ ਕਰਦੇ ਹਨ।