
'ਲੋਕ ਸਭਾ ਚੋਣਾਂ ਕਾਰਨ ਮਨ ਕੀ ਬਾਤ ਪ੍ਰੋਗਰਾਮ ਕੁਝ ਮਹੀਨਿਆਂ ਲਈ ਰੋਕ ਦਿੱਤਾ ਗਿਆ ਸੀ'
Mann Ki Baat : ਲੋਕ ਸਭਾ ਚੋਣਾਂ 2024 ਦੀ ਸਮਾਪਤੀ ਤੋਂ ਬਾਅਦ ਮੋਦੀ 3.0 ਦੇ 'ਮਨ ਕੀ ਬਾਤ' ਪ੍ਰੋਗਰਾਮ ਦੀ ਤਾਰੀਕ ਸਾਹਮਣੇ ਆ ਗਈ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਤੋਂ ਵਿਚਾਰ ਅਤੇ ਸੁਝਾਅ ਮੰਗੇ ਹਨ। ਸਰਕਾਰ ਵੱਲੋਂ ਐਪ ਅਤੇ ਫ਼ੋਨ ਨੰਬਰ ਵੀ ਜਾਰੀ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਲੋਕ ਆਪਣੇ ਸੰਦੇਸ਼ ਲਿਖ ਕੇ ਜਾਂ ਰਿਕਾਰਡ ਕਰਕੇ ਭੇਜ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ 'ਮਨ ਕੀ ਬਾਤ' ਪ੍ਰੋਗਰਾਮ 'ਚ ਜਨਤਾ ਦੇ ਸੁਝਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਚੋਣਾਂ ਕਾਰਨ ਬੰਦ ਕਰ ਦਿੱਤਾ ਗਿਆ ਸੀ ਰੇਡੀਓ ਪ੍ਰੋਗਰਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦਾ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਮੁੜ ਸ਼ੁਰੂ ਹੋ ਰਿਹਾ ਹੈ। ਇਹ ਪ੍ਰੋਗਰਾਮ ਇਸ ਮਹੀਨੇ ਦੀ 30 ਜੂਨ ਨੂੰ ਹੋਵੇਗਾ। ਇਸ ਦੇ ਲਈ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਕਾਰਨ ਮਨ ਕੀ ਬਾਤ ਪ੍ਰੋਗਰਾਮ ਕੁਝ ਮਹੀਨਿਆਂ ਲਈ ਰੋਕ ਦਿੱਤਾ ਗਿਆ ਸੀ।
ਪੀਐਮ ਮੋਦੀ ਨੇ ਤਰੀਕ ਦਾ ਕੀਤਾ ਐਲਾਨ
ਪ੍ਰਧਾਨ ਮੰਤਰੀ ਮੋਦੀ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਚੋਣਾਂ ਕਾਰਨ ਕੁਝ ਮਹੀਨਿਆਂ ਦੇ ਵਕਫੇ ਤੋਂ ਬਾਅਦ 'ਮਨ ਕੀ ਬਾਤ' ਵਾਪਸ ਆ ਗਿਆ ਹੈ। ਇਸ ਮਹੀਨੇ ਦਾ ਪ੍ਰੋਗਰਾਮ 30 ਜੂਨ ਦਿਨ ਐਤਵਾਰ ਨੂੰ ਹੋਵੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਵਿਚਾਰ ਅਤੇ ਸੁਝਾਅ ਭੇਜਣ ਦੀ ਬੇਨਤੀ ਕਰਦਾ ਹਾਂ। MyGov Open Forum, NaMo App'ਤੇ ਲਿਖ ਕੇ ਜਾਂ 1800117800 'ਤੇ ਆਪਣਾ ਸੁਨੇਹਾ ਰਿਕਾਰਡ ਕਰਕੇ ਭੇਜ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ 25 ਫਰਵਰੀ ਨੂੰ ਮਨ ਕੀ ਬਾਤ ਦਾ 110ਵਾਂ ਐਪੀਸੋਡ ਹੋਇਆ ਸੀ, ਜਿਸ ਵਿੱਚ ਪੀਐਮ ਮੋਦੀ ਨੇ ਵੋਟਰਾਂ ਨੂੰ ਰਿਕਾਰਡ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਮਾਰਚ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਦੀ ਸੰਭਾਵਨਾ ਪ੍ਰਗਟਾਈ ਸੀ। ਇਸ ਕਾਰਨ ਉਨ੍ਹਾਂ ਚੋਣਾਂ ਦੌਰਾਨ ਮਨ ਕੀ ਬਾਤ ਪ੍ਰੋਗਰਾਮ ਬੰਦ ਕਰਨ ਦਾ ਐਲਾਨ ਕੀਤਾ ਸੀ।