
ਕਿਹਾ-ਭਾਰਤ ਕਮਜ਼ੋਰ ਮੁਲਕ ਨਹੀਂ, ਲਦਾਖ਼ ਦੌਰੇ ਦੌਰਾਨ ਫ਼ੌਜੀ ਅਭਿਆਸ ਵੀ ਵੇਖਿਆ
ਲੁਕੁੰਗ (ਲਦਾਖ਼), 17 ਜੁਲਾਈ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਕੋਈ ਕਮਜ਼ੋਰ ਮੁਲਕ ਨਹੀਂ ਅਤੇ ਦੁਨੀਆਂ ਦੀ ਕੋਈ ਵੀ ਤਾਕਤ ਉਸ ਦੀ ਇਕ ਇੰਚ ਜ਼ਮੀਨ ਨਹੀਂ ਲੈ ਸਕਦੀ। ਉਨ੍ਹਾਂ ਚੀਨ ਨਾਲ ਚੱਲ ਰਹੇ ਸਰਹੱਦੀ ਰੇੜਕੇ ਕਾਰਨ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਂਦਿਆਂ ਲਦਾਖ਼ ਦੇ ਦੌਰੇ ਦੌਰਾਨ ਇਹ ਗੱਲ ਕਹੀ। ਫ਼ੌਜ ਅਤੇ ਆਈਟੀਬੀਪੀ ਦੇ ਜਵਾਨਾਂ ਨੂੰ ਸੰਬੋਧਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਪੂਰਬੀ ਲਦਾਖ਼ ਵਿਚ ਪਿਆ ਰੇੜਕਾ ਦੂਰ ਕਰਨ ਲਈ ਗੱਲਬਾਤ ਚੱਲ ਰਹੀ ਹੈ ਪਰ ਮੈਂ ਇਸ ਦੀ ਗਾਰੰਟੀ ਨਹੀਂ ਦੇ ਸਕਦਾ ਕਿ ਇਸ ਦਾ ਕਿਸ ਹੱਦ ਤਕ ਹੱਲ ਨਿਕਲੇਗਾ।
File Photo
ਉਨ੍ਹਾਂ ਪੇਗੋਂਗ ਝੀਲ ਦੇ ਕੰਢੇ 'ਤੇ ਪੈਂਦੀ ਲਦਾਖ਼ ਵਿਚ ਅਗਲੀ ਫ਼ੌਜੀ ਚੌਕੀ 'ਤੇ ਕਿਹਾ, 'ਭਾਰਤ ਕੋਈ ਕਮਜ਼ੋਰ ਮੁਲਕ ਨਹੀਂ। ਦੁਨੀਆਂ ਦੀ ਕੋਈ ਵੀ ਤਾਕਤ ਭਾਰਤ ਦੀ ਇਕ ਇੰਚ ਜ਼ਮੀਨ ਨੂੰ ਵੀ ਨਹੀਂ ਛੂਹ ਸਕਦੀ।' ਉਨ੍ਹਾਂ 15 ਜੂਨ ਨੂੰ ਗਲਵਾਨ ਘਾਟੀ ਵਿਚ ਚੀਨੀ ਫ਼ੌਜ ਨਾਲ ਝੜਪਾਂ ਦੌਰਾਨ ਭਾਰਤ ਦੇ 20 ਫ਼ੌਜੀਆਂ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਅਪਣੇ ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਣ ਦਿਆਂਗੇ।
ਰਖਿਆ ਮੰਤਰੀ ਇਕ ਦਿਨਾ ਦੌਰੇ 'ਤੇ ਲਦਾਖ਼ ਪੁੱਜੇ। ਉਨ੍ਹਾਂ ਨਾਲ ਪ੍ਰਮੁੱਖ ਰਖਿਆ ਮੁਖੀ ਜਨਰਲ ਬਿਪਿਨ ਰਾਵਤ ਅਤੇ ਥਲ ਸੈਨਾ ਮੁਖੀ ਜਨਰਲ ਐਮ ਐਮ ਨਰਵਾਣੇ ਵੀ ਸਨ। ਇਸੇ ਦੌਰਾਨ ਉਨ੍ਹਾਂ ਫ਼ੌਜੀ ਅਭਿਆਸ ਵੀ ਵੇਖਿਆ ਜਿਸ ਵਿਚ ਜੰਗੀ ਹੈਲੀਕਾਪਟਰਾਂ, ਟੈਂਕਾਂ ਨਾਲ ਕਮਾਂਡੋ ਵੀ ਸ਼ਾਮਲ ਹੋਏ। ਫ਼ੌਜੀ ਅਭਿਆਸ ਵਿਚ ਫ਼ੌਜ ਅਤੇ ਹਵਾਈ ਫ਼ੌਜ ਨੇ ਖੇਤਰ ਵਿਚ ਤਿਆਰੀਆਂ ਦਾ ਪ੍ਰਦਰਸ਼ਨ ਕੀਤਾ। ਮਸ਼ਕ ਵਿਚ ਕਮਾਂਡੋ ਟੈਂਕ, ਬੀਐਮਪੀ ਜੰਗੀ ਵਾਹਨ, ਅਪਾਚੇ, ਰੁਦਰ ਅਤੇ ਐਮਆਈ ਜਿਹੇ ਹੈਲੀਕਾਪਟਰਾਂ ਨੇ ਵੀ ਹਿੱਸਾ ਲਿਆ। ਪੈਰਾ ਡਰਾਪਿੰਗ ਅਤੇ ਹੋਰ ਕਰਤਬਾਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਰਖਿਆ ਮੰਤਰੀ ਨੇ ਕਿਹਾ ਕਿ ਪੈਰਾ ਡਰਾਪਿੰਗ ਅਤੇ ਫ਼ੌਜੀ ਪ੍ਰਦਰਸ਼ਨਾਂ ਦੌਰਾਨ ਭਾਰਤੀ ਫ਼ੌਜ ਦੀ ਮਾਰਕ ਸਮਰੱਥ ਅਤੇ ਪ੍ਰਚੰਡਦਾ ਵੇਖੀ। (ਏਜੰਸੀ)