
"ਝਾਰਖੰਡ ਦੇ ਮੁੱਖ ਮੰਤਰੀ ਰਹਿੰਦਿਆਂ ਮੇਰਾ ਅਪਮਾਨ ਕੀਤਾ ਗਿਆ, ਮੇਰੇ ਲਈ ਸਾਰੇ ਬਦਲ ਖੁੱਲ੍ਹੇ ਹਨ"
Ex CM Champai Soren: ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਣ ਦੇ ਕਿਆਸਿਆਂ ਵਿਚਕਾਰ ਐਤਵਾਰ ਨੂੰ ਦਿੱਲੀ ਪੁੱਜੇ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੇ ਆਗੂ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਕਿਹਾ ਕਿ ਉਨ੍ਹਾਂ ਲਈ ਸਾਰੇ ਬਦਲ ਖੁੱਲ੍ਹੇ ਹਨ।
ਸੋਰੇਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਵਿਸਥਾਰਤ ਲੇਖ ਲਿਖਿਆ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ਝਾਰਖੰਡ ਦੇ ਮੁੱਖ ਮੰਤਰੀ ਹੁੰਦੇ ਹੋਏ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਹੈ ਕਿ ਝਾਰਖੰਡ ਦਾ ਬੱਚਾ-ਬੱਚਾ ਜਾਣਦਾ ਹੈ ਕਿ ਅਪਣੇ ਕਾਰਜਕਾਲ ਦੌਰਾਨ ਮੈਂ ਕਦੇ ਕਿਸੇ ਨਾਲ ਗਲਤ ਨਹੀਂ ਕੀਤਾ ਅਤੇ ਨਾ ਹੀ ਕੁੱਝ ਹੋਣ ਦਿਤਾ। ਇਸ ਦੌਰਾਨ, ਹੂਲ ਦਿਵਸ ਤੋਂ ਅਗਲੇ ਦਿਨ, ਮੈਨੂੰ ਪਤਾ ਲੱਗਾ ਕਿ ਪਾਰਟੀ ਲੀਡਰਸ਼ਿਪ ਨੇ ਅਗਲੇ ਦੋ ਦਿਨਾਂ ਲਈ ਮੇਰੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿਤੇ ਹਨ। ਇਕ ਜਨਤਕ ਪ੍ਰੋਗਰਾਮ ਦੁਮਕਾ ’ਚ ਹੋਣਾ ਸੀ ਜਦਕਿ ਦੂਜਾ ਪੀ.ਜੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡਣ ਦਾ ਸੀ।
ਸੋਰੇਨ ਨੇ ਕਿਹਾ, ‘‘ਪੁੱਛ-ਪੜਤਾਲ ਕਰਨ ’ਤੇ ਪਤਾ ਲੱਗਾ ਕਿ ਗਠਜੋੜ ਵਲੋਂ 3 ਜੁਲਾਈ ਨੂੰ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਹੈ, ਉਦੋਂ ਤਕ ਤੁਸੀਂ ਮੁੱਖ ਮੰਤਰੀ ਦੇ ਤੌਰ ’ਤੇ ਕਿਸੇ ਵੀ ਪ੍ਰੋਗਰਾਮ ’ਚ ਨਹੀਂ ਜਾ ਸਕਦੇ।’’
ਉਨ੍ਹਾਂ ਕਿਹਾ, ‘‘ਕੀ ਲੋਕਤੰਤਰ ’ਚ ਮੁੱਖ ਮੰਤਰੀ ਦੇ ਸਮਾਗਮਾਂ ਨੂੰ ਕਿਸੇ ਹੋਰ ਵਿਅਕਤੀ ਵਲੋਂ ਰੱਦ ਕੀਤੇ ਜਾਣ ਤੋਂ ਵੱਧ ਅਪਮਾਨਜਨਕ ਕੁੱਝ ਹੋ ਸਕਦਾ ਹੈ?’’ ਉਨ੍ਹਾਂ ਕਿਹਾ, ‘‘ਮੈਨੂੰ ਕਦੇ ਵੀ ਸੱਤਾ ਦਾ ਲਾਲਚ ਨਹੀਂ ਸੀ, ਪਰ ਮੈਂ ਅਪਣੇ ਸਵੈ-ਮਾਣ ਨੂੰ ਇਹ ਸੱਟ ਕਿਸ ਨੂੰ ਵਿਖਾਵਾਂਗਾ? ਮੈਂ ਅਪਣੇ ਪਿਆਰਿਆਂ ਵਲੋਂ ਦਿਤੇ ਗਏ ਦਰਦ ਨੂੰ ਕਿੱਥੇ ਜ਼ਾਹਰ ਕਰਾਂਗਾ?’’
ਉਨ੍ਹਾਂ ਕਿਹਾ, ‘‘ਕਹਿਣ ਨੂੰ ਤਾਂ ਵਿਧਾਇਕ ਦਲ ਦੀ ਮੀਟਿੰਗ ਬੁਲਾਉਣਾ ਮੁੱਖ ਮੰਤਰੀ ਦਾ ਅਧਿਕਾਰ ਹੈ ਪਰ ਮੈਨੂੰ ਮੀਟਿੰਗ ਦਾ ਏਜੰਡਾ ਵੀ ਨਹੀਂ ਦਸਿਆ ਗਿਆ। ਮੀਟਿੰਗ ਦੌਰਾਨ ਮੈਨੂੰ ਅਸਤੀਫਾ ਦੇਣ ਲਈ ਕਿਹਾ ਗਿਆ। ਮੈਂ ਹੈਰਾਨ ਸੀ, ਪਰ ਮੈਨੂੰ ਸ਼ਕਤੀ ਦਾ ਲਾਲਚ ਨਹੀਂ ਸੀ, ਇਸ ਲਈ ਮੈਂ ਤੁਰਤ ਅਸਤੀਫਾ ਦੇ ਦਿਤਾ, ਪਰ ਦਿਲ ਸੱਟ ਤੋਂ ਸਵੈ-ਮਾਣ ਲਈ ਭਾਵਨਾਤਮਕ ਸੀ।’’
ਉਨ੍ਹਾਂ ਕਿਹਾ, ‘‘ਮੈਨੂੰ ਇੰਜ ਲੱਗਾ ਕਿ ਮੈਂ ਉਸ ਪਾਰਟੀ ’ਚ ਮੇਰਾ ਕੋਈ ਵਜੂਦ ਨਹੀਂ ਹੈ, ਜਿਸ ਨੂੰ ਅਸੀਂ ਅਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿਤੀ ਹੈ। ਭਾਰੀ ਮਨ ਨਾਲ ਮੈਂ ਵਿਧਾਇਕ ਦਲ ਦੀ ਉਸੇ ਮੀਟਿੰਗ ’ਚ ਕਿਹਾ ਸੀ ਕਿ ਅੱਜ ਤੋਂ ਮੇਰੀ ਜ਼ਿੰਦਗੀ ਦਾ ਇਕ ਨਵਾਂ ਅਧਿਆਇ ਸ਼ੁਰੂ ਹੋਣ ਜਾ ਰਿਹਾ ਹੈ।’’
ਉਨ੍ਹਾਂ ਕਿਹਾ ਕਿ ਝਾਰਖੰਡ ਵਿਧਾਨ ਸਭਾ ਚੋਣਾਂ ਤਕ ਉਨ੍ਹਾਂ ਲਈ ਸਾਰੇ ਬਦਲ ਖੁੱਲ੍ਹੇ ਹਨ। ਇਸ ਤੋਂ ਪਹਿਲਾਂ ਦਿੱਲੀ ਪਹੁੰਚਣ ਤੋਂ ਤੁਰਤ ਬਾਅਦ ਸੋਰੇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਿਸੇ ਵੀ ਨੇਤਾ ਨੂੰ ਨਹੀਂ ਮਿਲੇ ਹਨ ਅਤੇ ਉਹ ਕੌਮੀ ਰਾਜਧਾਨੀ ਦੇ ‘ਨਿੱਜੀ’ ਦੌਰੇ ’ਤੇ ਹਨ।
ਸ਼ੁਕਰਵਾਰ ਨੂੰ ਕੁੱਝ ਮੀਡੀਆ ਰੀਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਸੋਰੇਨ ਝਾਰਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਪਰ ਸੋਰੇਨ ਨੇ ਸਨਿਚਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਕਿਆਸਅਰਾਈਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਅਜਿਹੀਆਂ ਕਿਆਸਅਰਾਈਆਂ ਅਤੇ ਰੀਪੋਰਟਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੈਂ ਉੱਥੇ ਹਾਂ ਜਿੱਥੇ ਮੈਂ ਹਾਂ।’’ ਜਦੋਂ ਭਾਜਪਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਅਮਰ ਬਾਉਰੀ ਤੋਂ ਸੋਰੇਨ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਮੇਰੇ ਕੋਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਮੈਨੂੰ ਸਿਰਫ ਮੀਡੀਆ ਰਾਹੀਂ ਜਾਣਕਾਰੀ ਮਿਲ ਰਹੀ ਹੈ।’’