
ਕੰਪਨੀ ਨੇ ਕਿਹਾ ਕਿ ਨੋਟਿਸ ਦੇ ਅਨੁਸਾਰ ਟੈਕਸ ਵਜੋਂ 938,66,513 ਰੁਪਏ ਦੀ ਮੰਗ ਕੀਤੀ ਗਈ
Hero MotoCorp : ਹੀਰੋ ਮੋਟੋਕਾਰਪ ਨੂੰ ਦਿੱਲੀ ਜੀ.ਐੱਸ.ਟੀ. ਅਧਿਕਾਰੀਆਂ ਨੇ 17 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਮੰਗ ਨੂੰ ਲੈ ਕੇ ਨੋਟਿਸ ਜਾਰੀ ਕੀਤੇ ਹਨ। ਦੋਪਹੀਆ ਵਾਹਨ ਨਿਰਮਾਤਾ ਕੰਪਨੀ ਨੇ ਐਤਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਭੇਜੇ ਸੰਦੇਸ਼ ’ਚ ਕਿਹਾ ਕਿ ਕੰਪਨੀ ਨੂੰ ਵਿੱਤੀ ਸਾਲ 2019-20 ਲਈ ਇਨਪੁਟ ਟੈਕਸ ਕ੍ਰੈਡਿਟ ਰੱਦ ਕਰਨ ਦੇ ਸਬੰਧ ’ਚ ਦਿੱਲੀ ਸਰਕਾਰ ਦੇ ਜੀਐੱਸਟੀ ਅਧਿਕਾਰੀ ਦੇ ਦਫਤਰ ਤੋਂ 17 ਅਗੱਸਤ 2024 ਨੂੰ ਹੁਕਮ ਮਿਲਿਆ ਹੈ।
ਕੰਪਨੀ ਨੇ ਕਿਹਾ ਕਿ ਨੋਟਿਸ ਦੇ ਅਨੁਸਾਰ ਟੈਕਸ ਵਜੋਂ 938,66,513 ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਆਜ ਵਜੋਂ 7,32,15,880 ਰੁਪਏ ਅਤੇ ਜੁਰਮਾਨੇ ਵਜੋਂ 93,86,651 ਰੁਪਏ ਦੀ ਮੰਗ ਕੀਤੀ ਗਈ ਹੈ। ਕੰਪਨੀ ਮੁਤਾਬਕ ਉਸ ਦੇ ਮੁਲਾਂਕਣ ਦੇ ਆਧਾਰ ’ਤੇ ਟੈਕਸ ਦੀ ਮੰਗ ਕਾਨੂੰਨ ਦੇ ਤਹਿਤ ਵਿਚਾਰਯੋਗ ਨਹੀਂ ਹੈ।
ਹੀਰੋ ਮੋਟੋਕਾਰਪ ਨੇ ਕਿਹਾ ਕਿ ਕੰਪਨੀ ਦਾ ਇਨਪੁਟ ਟੈਕਸ ਕ੍ਰੈਡਿਟ ਦਾਅਵਾ ਜੀਐਸਟੀ ਪ੍ਰਬੰਧਾਂ ਦੀ ਪਾਲਣਾ ਕਰਦਾ ਹੈ। ਹਾਲਾਂਕਿ, ਸਪਲਾਇਰ ਦੀ ਪਾਲਣਾ ਨਾ ਕਰਨ ਕਾਰਨ ਇਸ ਨੂੰ ਰੱਦ ਕਰ ਦਿਤਾ ਗਿਆ ਹੈ ਅਤੇ ਕੰਪਨੀ ਇਸ ਲਈ ਜ਼ਿੰਮੇਵਾਰ ਨਹੀਂ ਹੈ।
ਕੰਪਨੀ ਅਪੀਲ ਦਾਇਰ ਕਰਨ ਸਮੇਤ ਇਸ ਮਾਮਲੇ ’ਚ ਉਚਿਤ ਕਦਮ ਚੁੱਕੇਗੀ। ਹੀਰੋ ਮੋਟੋਕਾਰਪ ਨੇ ਕਿਹਾ ਕਿ ਕੰਪਨੀ ਦੇ ਵਿੱਤੀ ਸੰਚਾਲਨ ਜਾਂ ਹੋਰ ਗਤੀਵਿਧੀਆਂ ’ਤੇ ਕੋਈ ਅਸਰ ਨਹੀਂ ਪਿਆ ਹੈ।