
ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਕਈ ਥਾਵਾਂ ਉੱਤੇ ਦਰਦਨਾਕ ਘਟਨਾਵਾਂ ਹੋਈਆਂ ਹਨ।
Himachal Pradesh: ਹਿਮਾਚਲ ਪ੍ਰਦੇਸ਼ ’ਚ ਇਸ ਮਾਨਸੂਨ ਦੌਰਾਨ 27 ਜੂਨ ਤੋਂ 16 ਅਗੱਸਤ ਦਰਮਿਆਨ ਬੱਦਲ ਫਟਣ ਅਤੇ ਹੜ੍ਹ ਦੀਆਂ 51 ਘਟਨਾਵਾਂ ’ਚ 31 ਲੋਕਾਂ ਦੀ ਮੌਤ ਹੋ ਗਈ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ ।
27 ਜੂਨ ਨੂੰ ਹਿਮਾਚਲ ਪ੍ਰਦੇਸ਼ ਪਹੁੰਚਿਆ ਸੀ ਮਾਨਸੂਨ
ਹਿਮਾਚਲ ਪ੍ਰਦੇਸ਼ ’ਚ 27 ਜੂਨ ਤੋਂ 16 ਅਗੱਸਤ ਦਰਮਿਆਨ ਬੱਦਲ ਫਟਣ ਅਤੇ ਹੜ੍ਹ ਦੀਆਂ 51 ਘਟਨਾਵਾਂ ’ਚ 31 ਲੋਕਾਂ ਦੀ ਮੌਤ ਹੋ ਗਈ ਅਤੇ 33 ਲਾਪਤਾ ਹੋ ਗਏ।ਲਾਹੌਲ ਅਤੇ ਸਪੀਤੀ ’ਚ ਅਜਿਹੀਆਂ 22 ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚੋਂ ਸੱਭ ਤੋਂ ਵੱਧ ਕਿੰਨੌਰ ’ਚ 11, ਊਨਾ ’ਚ 6, ਕੁਲੂ ਅਤੇ ਮੰਡੀ ’ਚ 3-3, ਸਿਰਮੌਰ ’ਚ 2 ਅਤੇ ਚੰਬਾ, ਹਮੀਰਪੁਰ, ਸ਼ਿਮਲਾ ਅਤੇ ਸੋਲਨ ਜ਼ਿਲ੍ਹਿਆਂ ’ਚ ਇਕ-ਇਕ ਘਟਨਾ ਸਾਹਮਣੇ ਆਈ ਹੈ।ਅੰਕੜਿਆਂ ਮੁਤਾਬਕ ਮੀਂਹ ਨਾਲ ਜੁੜੀਆਂ ਘਟਨਾਵਾਂ ’ਚ 121 ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਨੁਕਸਾਨੇ ਗਏ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਦਸਿਆ ਕਿ ਇਸੇ ਮਿਆਦ ਦੌਰਾਨ ਜ਼ਮੀਨ ਖਿਸਕਣ ਦੀਆਂ 35 ਘਟਨਾਵਾਂ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ।ਮੰਡੀ ’ਚ ਸੱਭ ਤੋਂ ਵੱਧ 9 ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਕਿੰਨੌਰ ਅਤੇ ਸ਼ਿਮਲਾ ’ਚ ਛੇ-ਛੇ, ਲਾਹੌਲ ਅਤੇ ਸਪੀਤੀ ਅਤੇ ਚੰਬਾ ’ਚ ਚਾਰ-ਚਾਰ, ਸੋਲਨ ’ਚ ਤਿੰਨ, ਕੁਲੂ ’ਚ ਦੋ ਅਤੇ ਬਿਲਾਸਪੁਰ ’ਚ ਇਕ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ।
ਹੋਰ ਜ਼ਿਲ੍ਹਿਆਂ ਦੇ ਅੰਕੜੇ ਉਪਲਬਧ ਨਹੀਂ ਸਨ। ਹਾਲਾਂਕਿ, ਕਈ ਜ਼ਿਲ੍ਹਿਆਂ ਦੇ ਲੋਕਾਂ ਨੇ ਦਾਅਵਾ ਕੀਤਾ ਕਿ ਬੱਦਲ ਫਟਣ, ਹੜ੍ਹ ਅਤੇ ਜ਼ਮੀਨ ਖਿਸਕਣ ਦੀ ਗਿਣਤੀ ਅਧਿਕਾਰਤ ਗਿਣਤੀ ਨਾਲੋਂ ਬਹੁਤ ਜ਼ਿਆਦਾ ਹੈ।
ਇਸ ਦੌਰਾਨ ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਕਿਹਾ ਕਿ ਸੂਬੇ ਦੇ ਕੁੱਝ ਹਿੱਸਿਆਂ ’ਚ ਹਲਕੀ ਬਾਰਸ਼ ਜਾਰੀ ਰਹਿਣ ਕਾਰਨ ਐਤਵਾਰ ਸਵੇਰੇ 95 ਸੜਕਾਂ ਬੰਦ ਕਰ ਦਿਤੀਆਂ ਗਈਆਂ।ਕੁਲੂ ’ਚ 33, ਮੰਡੀ ਅਤੇ ਸ਼ਿਮਲਾ ’ਚ 23-23, ਕਾਂਗੜਾ ’ਚ 10, ਚੰਬਾ ਅਤੇ ਕਿੰਨੌਰ ’ਚ 2-2 ਅਤੇ ਹਮੀਰਪੁਰ ਅਤੇ ਊਨਾ ’ਚ ਇਕ-ਇਕ ਸੜਕ ਬੰਦ ਕਰ ਦਿਤੀ ਗਈ ਹੈ।ਇਸ ਵਿਚ ਕਿਹਾ ਗਿਆ ਹੈ ਕਿ ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ 47 ਬਿਜਲੀ ਅਤੇ 35 ਜਲ ਸਪਲਾਈ ਸਕੀਮਾਂ ਵੀ ਪ੍ਰਭਾਵਤ ਹੋਈਆਂ ਹਨ। ਅਧਿਕਾਰੀਆਂ ਮੁਤਾਬਕ ਹਿਮਾਚਲ ਪ੍ਰਦੇਸ਼ ਨੂੰ ਹੁਣ ਤਕ 1,140 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਲੋਕ ਨਿਰਮਾਣ ਵਿਭਾਗ ਨੂੰ 502 ਕਰੋੜ ਰੁਪਏ, ਜਲ ਸ਼ਕਤੀ ਵਿਭਾਗ ਨੂੰ 469 ਕਰੋੜ ਰੁਪਏ ਅਤੇ ਬਾਗਬਾਨੀ ਵਿਭਾਗ ਨੂੰ 139 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਥਾਨਕ ਮੌਸਮ ਵਿਭਾਗ ਨੇ 21 ਅਗੱਸਤ ਤਕ ਰਾਜ ’ਚ ਵੱਖ-ਵੱਖ ਥਾਵਾਂ ’ਤੇ ਭਾਰੀ ਬਾਰਸ਼ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ।
(For more news apart from 31 people died in rain-related incidents after monsoon, stay tuned to Rozana Spokesman)