
ਅਧਿਕਾਰੀਆਂ ਨੇ ਦਸਿਆ ਕਿ ਅਧਿਕਾਰੀ ਘੋਸ਼ ਦੇ ਕਾਲ ਵੇਰਵੇ ਅਤੇ ਡਾਟਾ ਵਰਤੋਂ ਦੇ ਵੇਰਵੇ ਮੰਗਣ ਲਈ ਮੋਬਾਈਲ ਫੋਨ ਸੇਵਾ ਪ੍ਰਦਾਤਾ ਨਾਲ ਸੰਪਰਕ ਕਰਨ ਦੀ ਯੋਜਨਾ ਬਣਾ ਰਹੇ ਹਨ
Kolkata doctor Rape-Murder Case : ਸੀ.ਬੀ.ਆਈ. ਦੇ ਅਧਿਕਾਰੀ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ ਕਾਲ ਡਿਟੇਲ ਅਤੇ ਚੈਟ ਇਕੱਤਰ ਕਰ ਰਹੇ ਹਨ।
ਜਾਂਚ ਏਜੰਸੀ ਦੇ ਇਕ ਅਧਿਕਾਰੀ ਨੇ ਦਸਿਆ ਕਿ ਘੋਸ਼ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਸੀ.ਬੀ.ਆਈ. ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਘਟਨਾ ਤੋਂ ਪਹਿਲਾਂ ਅਤੇ ਬਾਅਦ ਵਿਚ ਕੀਤੀਆਂ ਗਈਆਂ ਕਾਲਾਂ ਦਾ ਵੇਰਵਾ ਦੇਣ ਲਈ ਕਿਹਾ ਗਿਆ।
ਅਧਿਕਾਰੀਆਂ ਨੇ ਦਸਿਆ ਕਿ ਅਧਿਕਾਰੀ ਘੋਸ਼ ਦੇ ਕਾਲ ਵੇਰਵੇ ਅਤੇ ਡਾਟਾ ਵਰਤੋਂ ਦੇ ਵੇਰਵੇ ਮੰਗਣ ਲਈ ਮੋਬਾਈਲ ਫੋਨ ਸੇਵਾ ਪ੍ਰਦਾਤਾ ਨਾਲ ਸੰਪਰਕ ਕਰਨ ਦੀ ਯੋਜਨਾ ਬਣਾ ਰਹੇ ਹਨ।
ਸੀ.ਬੀ.ਆਈ. ਨੇ ਘੋਸ਼ ਤੋਂ ਸਨਿਚਰਵਾਰ ਦੇਰ ਰਾਤ ਤਕ ਲਗਭਗ 13 ਘੰਟੇ ਪੁੱਛ-ਪੜਤਾਲ ਕੀਤੀ। ਘੋਸ਼ ਐਤਵਾਰ ਸਵੇਰੇ 11 ਵਜੇ ਸਾਲਟ ਲੇਕ ਦੇ ਸੀ.ਜੀ.ਓ. ਕੰਪਲੈਕਸ ’ਚ ਸੀ.ਬੀ.ਆਈ. ਦਫ਼ਤਰ ਵਾਪਸ ਆਏ।
ਸੀ.ਬੀ.ਆਈ. ਅਧਿਕਾਰੀ ਨੇ ਕਿਹਾ, ‘‘ਸਾਡੇ ਕੋਲ ਉਸ ਤੋਂ ਪੁੱਛਣ ਲਈ ਸਵਾਲਾਂ ਦੀ ਸੂਚੀ ਹੈ।’’ਉਨ੍ਹਾਂ ਕਿਹਾ, ‘‘ਘੋਸ਼ ਨੂੰ ਡਾਕਟਰ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਉਸ ਦੀ ਭੂਮਿਕਾ ਬਾਰੇ ਪੁਛਿਆ ਗਿਆ, ਉਨ੍ਹਾਂ ਨਾਲ ਕਿਸ ਨਾਲ ਸੰਪਰਕ ਕੀਤਾ ਅਤੇ ਮਾਪਿਆਂ ਨੂੰ ਲਗਭਗ ਤਿੰਨ ਘੰਟੇ ਉਡੀਕ ਕਿਉਂ ਕਰਨੀ ਪਈ।’’
ਅਧਿਕਾਰੀ ਨੇ ਦਸਿਆ ਕਿ ਸਾਬਕਾ ਪ੍ਰਿੰਸੀਪਲ ਤੋਂ ਇਹ ਵੀ ਪੁਛਿਆ ਗਿਆ ਕਿ ਘਟਨਾ ਤੋਂ ਬਾਅਦ ਹਸਪਤਾਲ ਦੀ ਐਮਰਜੈਂਸੀ ਇਮਾਰਤ ਦੇ ਸੈਮੀਨਾਰ ਰੂਮ ਦੇ ਨੇੜੇ ਕਮਰਿਆਂ ਦੇ ਨਵੀਨੀਕਰਨ ਦਾ ਹੁਕਮ ਕਿਸ ਨੇ ਦਿਤਾ।
ਉਨ੍ਹਾਂ ਕਿਹਾ, ‘‘ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਅਪਰਾਧ ਪਿੱਛੇ ਕੋਈ ਸਾਜ਼ਸ਼ ਜਾਂ ਪਹਿਲਾਂ ਤੋਂ ਯੋਜਨਾਬੱਧ ਅਪਰਾਧ ਸੀ। ਪ੍ਰਿੰਸੀਪਲ ਕੀ ਕਰ ਰਿਹਾ ਸੀ ਅਤੇ ਕੀ ਉਹ ਕਿਸੇ ਵੀ ਤਰੀਕੇ ਨਾਲ ਇਸ ਘਟਨਾ ’ਚ ਸ਼ਾਮਲ ਹੈ।’’ਸੀ.ਬੀ.ਆਈ. ਅਧਿਕਾਰੀ ਮੁਤਾਬਕ ਘੋਸ਼ ਦੇ ਜਵਾਬਾਂ ਦਾ ਮੇਲ ਹੋਰ ਡਾਕਟਰਾਂ ਅਤੇ ਸਿਖਿਆਰਥੀਆਂ ਦੇ ਬਿਆਨਾਂ ਨਾਲ ਕੀਤਾ ਜਾਵੇਗਾ ਜੋ ਘਟਨਾ ਵਾਲੀ ਰਾਤ ਚੈਸਟ ਮੈਡੀਸਨ ਵਿਭਾਗ ਵਿਚ ਡਿਊਟੀ ’ਤੇ ਸਨ।
ਸੀ.ਬੀ.ਆਈ. ਨੇ ਹੁਣ ਤਕ ਕੋਲਕਾਤਾ ਪੁਲਿਸ ਦੇ ਕਈ ਅਧਿਕਾਰੀਆਂ ਸਮੇਤ 20 ਤੋਂ ਵੱਧ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਹੈ।
ਘੋਸ਼ ਨੇ ਐਤਵਾਰ ਦੇਰ ਰਾਤ ਸਾਲਟ ਲੇਕ ਦੇ ਸੀ.ਜੀ.ਓ. ਕੰਪਲੈਕਸ ਵਿਚ ਸੀ.ਬੀ.ਆਈ. ਦਫ਼ਤਰ ਤੋਂ ਬਾਹਰ ਨਿਕਲਦੇ ਸਮੇਂ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿਤਾ।
ਘੋਸ਼ ਨੇ ਡਾਕਟਰ ਦੀ ਲਾਸ਼ ਮਿਲਣ ਦੇ ਦੋ ਦਿਨ ਬਾਅਦ 9 ਅਗੱਸਤ ਨੂੰ ਪ੍ਰਿੰਸੀਪਲ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਉਨ੍ਹਾਂ ਨੇ ਹਮਲੇ ਦਾ ਡਰ ਜ਼ਾਹਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਕਲਕੱਤਾ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਅਦਾਲਤ ਨੇ ਉਸ ਨੂੰ ਸਿੰਗਲ ਬੈਂਚ ਕੋਲ ਜਾਣ ਦਾ ਹੁਕਮ ਦਿਤਾ ਸੀ।
ਪੋਸਟ ਗ੍ਰੈਜੂਏਟ ਸਿਖਾਂਦਰੂ ਡਾਕਟਰ ਦੀ ਲਾਸ਼ 9 ਅਗੱਸਤ ਨੂੰ ਆਰ.ਜੀ. ਕਰ ਕਾਰ ਹਸਪਤਾਲ ਦੇ ਸੈਮੀਨਾਰ ਰੂਮ ’ਚ ਮਿਲੀ ਸੀ। ਪੁਲਿਸ ਨੇ ਅਗਲੇ ਦਿਨ ਇਸ ਸਬੰਧ ’ਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ।