
ਪੁਲਿਸ ਨੇ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ, ਕੀਤਾ ਲਾਠੀਚਾਰਜ
ਕੋਲਕਾਤਾ: ਚਿਰ ਵਿਰੋਧੀ ਫ਼ੁੱਟਬਾਲ ਕਲੱਬ ਈਸਟ ਬੰਗਾਲ ਅਤੇ ਮੋਹਨ ਬਾਗਾਨ ਦੇ ਹਮਾਇਤੀ ਐਤਵਾਰ ਸ਼ਾਮ ਨੂੰ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਨੇੜੇ ਇਕੱਠੇ ਹੋਏ ਅਤੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਕ ਸਿਖਾਂਦਰਾਂ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ।
ਮੀਂਹ ਦੇ ਬਾਵਜੂਦ 100 ਤੋਂ ਵੱਧ ਸਮਰਥਕ ਪਹਿਲਾਂ ਸਟੇਡੀਅਮ ਦੇ ਬਾਹਰ ਇਕੱਠੇ ਹੋਏ, ਜਦਕਿ ਦੇਸ਼ ਦੇ ਦੋ ਪ੍ਰਮੁੱਖ ਫੁੱਟਬਾਲ ਕਲੱਬਾਂ ਵਿਚਾਲੇ ਡੁਰੰਡ ਕੱਪ ਮੈਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਰੱਦ ਕਰ ਦਿਤਾ ਗਿਆ ਸੀ।
ਦੋਹਾਂ ਕਲੱਬਾਂ ਦੇ ਸਮਰਥਕਾਂ ਨੇ ਇਕ-ਦੂਜੇ ਦੇ ਝੰਡੇ ਫੜੇ ਹੋਏ ਸਨ। ਉਨ੍ਹਾਂ ਨੇ ਪੀੜਤ ਪਰਵਾਰ ਲਈ ਇਨਸਾਫ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਸਥਿਤੀ ’ਤੇ ਨਜ਼ਰ ਰੱਖ ਰਹੇ ਸਨ। ਬਾਅਦ ਵਿਚ ਇਕ ਹੋਰ ਵੱਡੇ ਫੁੱਟਬਾਲ ਕਲੱਬ ਮੁਹੰਮਡਨ ਐਸ.ਸੀ. ਦੇ ਸਮਰਥਕ ਵੀ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਇਥੋਂ ਤਕ ਕਿ ਭਾਰਤ ਲਈ ਖੇਡਣ ਵਾਲੇ ਮੋਹਨ ਬਾਗਾਨ ਦੇ ਕਪਤਾਨ ਸੁਭਾਸ਼ੀਸ਼ ਬੋਸ ਵੀ ਅਪਣੀ ਪਤਨੀ ਨਾਲ ਫੁੱਟਬਾਲ ਪ੍ਰਸ਼ੰਸਕਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ।
ਉਨ੍ਹਾਂ ਕਿਹਾ, ‘‘ਸਪੱਸ਼ਟ ਤੌਰ ’ਤੇ ਅਸੀਂ ਮਹਿਲਾ ਡਾਕਟਰ ’ਤੇ ਬੇਰਹਿਮੀ ਨਾਲ ਹਮਲਾ ਕਰਨ ਅਤੇ ਜਬਰ ਜਨਾਹ ’ਚ ਸ਼ਾਮਲ ਸਾਰੇ ਲੋਕਾਂ ਲਈ ਸਜ਼ਾ ਦੀ ਮੰਗ ਕਰਦੇ ਹਾਂ। ਉਸ ’ਤੇ ਬਹੁਤ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ। ਮੈਨੂੰ ਉਮੀਦ ਹੈ ਕਿ ਕੋਈ ਹੋਰ ਔਰਤ ਇਸ ਤਰ੍ਹਾਂ ਦੇ ਅੱਤਿਆਚਾਰ ’ਚੋਂ ਨਹੀਂ ਲੰਘੇਗੀ।’’
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐਫ.ਐਫ.) ਦੇ ਪ੍ਰਧਾਨ ਕਲਿਆਣ ਚੌਬੇ ਵੀ ਪ੍ਰਦਰਸ਼ਨ ਵਾਲੀ ਥਾਂ ’ਤੇ ਪਹੁੰਚੇ ਅਤੇ ਤਿੰਨਾਂ ਕਲੱਬਾਂ ਦੇ ਗੁੱਸੇ ’ਚ ਆਏ ਪ੍ਰਸ਼ੰਸਕਾਂ ਨਾਲ ਮੁਲਾਕਾਤ ਕੀਤੀ। ਚੌਬੇ ਭਾਜਪਾ ਆਗੂ ਵੀ ਹਨ। ਉਨ੍ਹਾਂ ਕਿਹਾ, ‘‘ਇਹ ਬਹੁਤ ਸ਼ਰਮਨਾਕ ਹੈ। ਪਛਮੀ ਬੰਗਾਲ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਭੰਗ ਹੋ ਗਈ ਹੈ। ਫੁੱਟਬਾਲ ਮੈਚ ਨਹੀਂ ਹੋ ਸਕਿਆ... ਅਤੇ ਪੁਲਿਸ ਦੀ ਤਾਇਨਾਤੀ ਨੂੰ ਵੇਖੋ, ਅਜਿਹਾ ਲਗਦਾ ਹੈ ਕਿ ਇੱਥੇ ਦੰਗੇ ਹੋ ਰਹੇ ਹਨ।’’
ਪ੍ਰਦਰਸ਼ਨਕਾਰੀਆਂ ’ਚ ਅਦਾਕਾਰਾ ਉਸ਼ਾਸੀ ਚੱਕਰਵਰਤੀ ਅਤੇ ਰੁਦਰਨੀਲ ਘੋਸ਼ ਅਤੇ ਥੀਏਟਰ ਕਲਾਕਾਰ ਸੌਰਵ ਪਾਲੋਦੀ ਸ਼ਾਮਲ ਸਨ। ਪ੍ਰਦਰਸ਼ਨ ਈ.ਐਮ. ਬਾਈਪਾਸ ਤਕ ਫੈਲਣ ’ਤੇ ਆਵਾਜਾਈ ਰੋਕ ਦਿਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ। ਹਾਲਾਂਕਿ ਪੁਲਿਸ ਸ਼ੁਰੂ ’ਚ ਭੀੜ ਨੂੰ ਖਿੰਡਾਉਣ ’ਚ ਕੁੱਝ ਹੱਦ ਤਕ ਸਫਲ ਰਹੀ, ਪਰ ਕੁੱਝ ਸਮੇਂ ਬਾਅਦ ਪ੍ਰਦਰਸ਼ਨਕਾਰੀ ਥੋੜ੍ਹੀ ਗਿਣਤੀ ’ਚ ਇਕੱਠੇ ਹੋ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ।
ਮੋਹਨ ਬਾਗਾਨ ਦੇ ਹਮਾਇਤੀ ਬਿੱਟੂ ਸੈਨਾਪਤੀ ਨੇ ਕਿਹਾ, ‘‘ਅਸੀਂ ਉਸ ਭੈਣ ਲਈ ਇਨਸਾਫ ਚਾਹੁੰਦੇ ਹਾਂ, ਜਿਸ ਨਾਲ ਸਮੂਹਕ ਜਬਰ ਜਨਾਹ ਅਤੇ ਕਤਲ ਕੀਤਾ ਗਿਆ ਸੀ। ਅਸੀਂ ਮੋਹਨ ਬਾਗਾਨ, ਈਸਟ ਬੰਗਾਲ ਅਤੇ ਮੁਹੰਮਡਨ ਐਸ.ਸੀ. ਦੇ ਪ੍ਰਸ਼ੰਸਕ ਇੱਥੇ ਸ਼ਾਂਤੀਪੂਰਵਕ ਇਕੱਠੇ ਹੋਏ ਹਾਂ। ਇੰਨੇ ਸਾਰੇ ਪੁਲਿਸ ਮੁਲਾਜ਼ਮ ਕਿਉਂ ਤਾਇਨਾਤ ਕੀਤੇ ਗਏ ਹਨ? ਮੈਚ ਕਿਉਂ ਰੱਦ ਕਰਨਾ ਪਿਆ? ਕੀ ਸਾਨੂੰ ਮ੍ਰਿਤਕਾਂ ਲਈ ਨਿਆਂ ਮੰਗਣ ਦਾ ਅਧਿਕਾਰ ਨਹੀਂ ਹੈ?’’
ਪੁਲਿਸ ਨੇ ਦਸਿਆ ਕਿ ਕਾਨੂੰਨ ਵਿਵਸਥਾ ਦੀ ਕਿਸੇ ਵੀ ਉਲੰਘਣਾ ਨੂੰ ਰੋਕਣ ਲਈ ਭਾਰਤੀ ਸਿਵਲ ਡਿਫੈਂਸ ਕੋਡ ਦੀ ਧਾਰਾ 163 ਤਹਿਤ ਸ਼ਾਮ 4 ਵਜੇ ਤੋਂ ਅੱਧੀ ਰਾਤ ਤਕ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਇੱਥੇ ਇਕੱਠੇ ਹੋਏ ਕੁੱਝ ਲੋਕਾਂ ਨੂੰ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਹਿਰਾਸਤ ਵਿਚ ਲਿਆ ਗਿਆ ਸੀ।
ਪਾਲੋਥੀ ਨੇ ਕਿਹਾ, ‘‘ਅਸੀਂ ਇਸ ਘਟਨਾ ’ਤੇ ਅਪਣਾ ਗੁੱਸਾ ਜ਼ਾਹਰ ਕਰਨਾ ਚਾਹੁੰਦੇ ਸੀ। ਜਦੋਂ ਔਰਤਾਂ ਦੀ ਸੁਰੱਖਿਆ ਦਾਅ ’ਤੇ ਹੁੰਦੀ ਹੈ ਤਾਂ ਸੱਭ ਕੁੱਝ ਸੁਚਾਰੂ ਢੰਗ ਨਾਲ ਨਹੀਂ ਚੱਲ ਸਕਦਾ। ਜਿਵੇਂ ਹੀ ਸੂਰਜ ਡੁੱਬਿਆ ਅਤੇ ਹਨੇਰਾ ਪਿਆ, ਤਿੰਨਾਂ ਕਲੱਬਾਂ ਦੇ ਹੋਰ ਸਮਰਥਕ ਮੀਂਹ ਦੇ ਵਿਚਕਾਰ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਣ ਲਈ ਇਕੱਠੇ ਹੋ ਗਏ।’’
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਖੁਫੀਆ ਜਾਣਕਾਰੀ ਮਿਲੀ ਸੀ ਕਿ ਮੈਚ ਦੌਰਾਨ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਕਾਰਨ ਮੈਚ ਰੱਦ ਕਰ ਦਿਤਾ ਗਿਆ। ਉਨ੍ਹਾਂ ਕਿਹਾ, ‘‘ਸਾਨੂੰ ਵਿਸ਼ੇਸ਼ ਜਾਣਕਾਰੀ ਮਿਲੀ ਸੀ ਕਿ ਕੁੱਝ ਸਮੂਹ ਅਤੇ ਸੰਗਠਨ ਸਟੇਡੀਅਮ ’ਚ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ।’’
ਬਿਧਾਨਨਗਰ ਦੇ ਡਿਪਟੀ ਕਮਿਸ਼ਨਰ ਅਨੀਸ਼ ਸਰਕਾਰ ਨੇ ਕਿਹਾ ਕਿ 63,000 ਦਰਸ਼ਕਾਂ ਦੇ ਮੈਚ ਵੇਖਣ ਦੀ ਉਮੀਦ ਸੀ। ਉਨ੍ਹਾਂ ਕਿਹਾ, ‘‘ਫੁੱਟਬਾਲ ਪ੍ਰਸ਼ੰਸਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰਖਦੇ ਹੋਏ ਅਸੀਂ ਅੱਜ ਦਾ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਹੈ।’’
ਬੰਗਾਲੀ ਫਿਲਮ ਅਦਾਕਾਰਾਂ ਅਤੇ ਨਿਰਦੇਸ਼ਕਾਂ ਨੇ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਵਿਰੁਧ ਰੈਲੀ ਕੀਤੀ
ਕੋਲਕਾਤਾ: ਬੰਗਾਲੀ ਫ਼ਿਲਮਾਂ ਦੇ ਕ1ਲਾਕਾਰਾਂ, ਨਿਰਦੇਸ਼ਕਾਂ ਅਤੇ ਟੈਕਨੀਸ਼ੀਅਨਾਂ ਨੇ ਇੱਥੇ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਕ ਸਿਖਲਾਈ ਪ੍ਰਾਪਤ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਵਿਰੋਧ ’ਚ ਐਤਵਾਰ ਨੂੰ ਸ਼ਹਿਰ ’ਚ ਇਕ ਰੈਲੀ ਕੀਤੀ ਗਈ।
ਨਿਰਦੇਸ਼ਕ ਕੌਸ਼ਿਕ ਗਾਂਗੁਲੀ, ਸ਼ਿਬੋ ਪ੍ਰਸਾਦ ਮੁਖੋਪਾਧਿਆਏ ਅਤੇ ਅਰਜੁਨ ਦੱਤਾ ਤੋਂ ਇਲਾਵਾ ਅਦਾਕਾਰਾ ਪਾਓਲੀ ਦਾਮ ਅਤੇ ਅੰਕੁਸ਼ ਹਾਜਰਾ ਸਮੇਤ ਬੰਗਾਲੀ ਫਿਲਮ ਅਤੇ ਟੀਵੀ ਭਾਈਚਾਰੇ ਦੇ ਲਗਭਗ 200 ਮੈਂਬਰਾਂ ਨੇ ਇਕ ਕਿਲੋਮੀਟਰ ਦਾ ਮਾਰਚ ਕਢਿਆ। ਪਓਲੀ ਨੇ ਕਿਹਾ, ‘‘ਮੈਨੂੰ ਅੱਜ ਰੈਲੀ ’ਚ ਆਉਣਾ ਹੀ ਸੀ। ਇਕ ਮੈਡੀਕਲ ਵਿਦਿਆਰਥਣ ਨਾਲ ਉਸ ਦੇ ਅਪਣੇ ਕੰਮ ਵਾਲੀ ਥਾਂ ’ਤੇ ਬੇਰਹਿਮੀ ਕੀਤੀ ਗਈ ਅਤੇ ਕਤਲ ਕਰ ਦਿਤਾ ਗਿਆ। ਅਸੀਂ ਚੁੱਪ ਨਹੀਂ ਰਹਿ ਸਕਦੇ।’’
ਜ਼ਿਕਰਯੋਗ ਹੈ ਕਿ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਡਿਊਟੀ ਦੌਰਾਨ ਇਕ ਪੋਸਟ ਗ੍ਰੈਜੂਏਟ ਸਿਖਾਂਦਰੂ ਡਾਕਟਰ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਅਤੇ ਕਤਲ ਕਰ ਦਿਤਾ ਗਿਆ ਸੀ। 15 ਅਗੱਸਤ ਦੀ ਸਵੇਰ ਨੂੰ, ਜਦੋਂ ਇਸ ਘਿਨਾਉਣੀ ਘਟਨਾ ਦੇ ਵਿਰੁਧ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ, ਭੀੜ ਨੇ ਹਸਪਤਾਲ ਦੇ ਕੁੱਝ ਹਿੱਸਿਆਂ ’ਚ ਭੰਨਤੋੜ ਕੀਤੀ।