ਸੂਬਾ ਵਿਧਾਨ ਸਭਾ ’ਚ ਭਾਜਪਾ ਨੇ ਕਾਂਗਰਸ ਸਰਕਾਰ ਨੂੰ ਘੇਰਿਆ
ਦੁਰਗ: ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ’ਚ 23 ਵਰ੍ਹਿਆਂ ਦੇ ਇਕ ਵਿਅਕਤੀ ਦੇ ਕਤਲ ਵਿਰੁਧ ਛੱਤੀਸਗੜ੍ਹ ਸਿੱਖ ਪੰਚਾਇਤ ਨੇ ਦੁਰਗ ਅਤੇ ਭਿਲਾਈ ਸ਼ਹਿਰਾਂ ’ਚ ਬੰਦ ਦਾ ਸੱਦਾ ਦਿਤਾ ਹੈ। ਸੋਮਵਾਰ ਨੂੰ ਦੁਪਹਿਰ ਤਕ ਇਨ੍ਹਾਂ ਦੋਹਾਂ ਸ਼ਹਿਰਾਂ ’ਚ ਦੁਕਾਨਾਂ ਬੰਦ ਰਹੀਆਂ। ਨੌਜੁਆਨ ਦੀ ਲਾਸ਼ ਅਜੇ ਵੀ ਰਾਏਪੁਰ ਦੇ ਇਕ ਹਸਪਤਾਲ ’ਚ ਰੱਖੀ ਹੋਈ ਹੈ। ਉਸ ਦੇ ਪ੍ਰਵਾਰਕ ਜੀਆਂ ਅਤੇ ਸਥਾਨਕ ਸਿੱਖਾਂ ਨੇ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਅਤੇ 20 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਅਤੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ, ਸਸਕਾਰ ਨਹੀਂ ਕੀਤਾ ਜਾਵੇਗਾ।
ਦੁਰਗ ਜ਼ਿਲ੍ਹੇ ਦੇ ਖੁਰਸੀਪੁਰ ਥਾਣਾ ਇਲਾਕੇ ’ਚ ਆਈ.ਟੀ.ਆਈ. ਮੈਦਾਨ ’ਚ 15-16 ਸਤੰਬਰ ਦੀ ਦਰਮਿਆਨੀ ਰਾਤ ’ਚ ਕੁਝ ਲੋਕਾਂ ਨੇ ਮਲਕੀਤ ਸਿੰਘ ਉਰਫ਼ ਵੀਰੂ ਦੀ ਕਥਿਤ ਤੌਰ ’ਤੇ ਕੁੱਟਮਾਰ ਕਰ ਦਿਤੀ ਸੀ। ਵੀਰੂ ਨੂੰ ਰਾਏਪੁਰ ਦੇ ਇਕ ਨਿਜੀ ਹਸਪਤਾਲ ’ਚ ਲਿਆਂਦਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸਨਿਚਰਵਾਰ ਨੂੰ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਕ ਨਾਬਾਗਲ ਮੁੰਡੇ ਨੂੰ ਵੀ ਹਿਰਾਸਤ ’ਚ ਲੈ ਲਿਆ।
ਪੁਲਿਸ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਬਾਰੇ ਸਹੀ ਜਾਣਕਾਰੀ ਨਹੀਂ ਮਿਲੀ ਹੈ। ਵੀਰੂ ਦੇ ਪ੍ਰਵਾਰਕ ਜੀਆਂ ਨੇ ਦੋਸ਼ ਲਾਇਆ ਹੈ ਕਿ ਵੀਰੂ ’ਤੇ ਉਦੋਂ ਹਮਲਾ ਕੀਤਾ ਗਿਆ ਜਦੋਂ ਉਸ ਨੇ ਇਕ ਦੋਸਤ ਨਾਲ ਅਪਣੇ ਮੋਬਾਈਲ ਫ਼ੋਨ ’ਤ ਗਦਰ-2 ਫ਼ਿਲਮ ਵੇਖਦੇ ਸਮੇਂ ਭਾਰਤ ਦੇ ਹੱਕ ’ਚ ਨਾਹਰੇ ਲਾਏ ਸਨ।
ਸੂਬਾ ਦੇ ਸਾਬਕਾ ਮੰਤਰੀ ਪ੍ਰੇਮ ਪ੍ਰਕਾਸ਼ ਪਾਂਡੇ, ਸਥਾਨਕ ਸਿੱਖਾਂ ਅਤੇ ਭਾਜਪਾ ਆਗੂਆਂ ਨੇ ਪੀੜਤ ਪਰਿਵਾਰ ਨੂੰ ਢੁਕਵਾਂ ਆਰਥਕ ਮੁਆਵਜ਼ਾ, ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿਤਾ ਹੈ।
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਦੁਰਗ) ਦੇ ਪ੍ਰਧਾਨ ਅਰਵਿੰਦਰ ਸਿੰਘ ਖੁਰਾਣਾ ਨੇ ਕਿਹਾ ਹੈ ਕਿ ਸਮਾਜ ਦੇ ਸਮੂਹ ਵਰਗਾਂ ਨੇ ਇਸ ਘਟਨਾ ਵਿਰੁਧ ਸਖ਼ਤ ਰੋਸ ਪ੍ਰਗਟ ਕਰਦਿਆਂ ਅੱਜ ਦੇ ਬੰਦ ਦਾ ਸਮਰਥਨ ਕੀਤਾ ਹੈ।
ਵਿਰੋਧੀ ਪਾਰਟੀ ਭਾਜਪਾ ਅਤੇ ‘ਚੈਂਬਰ ਆਫ ਕਾਮਰਸ’ ਨੇ ਬੰਦ ਦੀ ਹਮਾਇਤ ਕੀਤੀ ਸੀ। ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਬੰਦ ਦਾ ਸੱਦਾ ਦਿਤਾ ਗਿਆ ਸੀ।
ਬੰਦ ਦੌਰਾਨ ਦੋਵਾਂ ਸ਼ਹਿਰਾਂ ’ਚ ਲਗਪਗ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ। ਦਵਾਈਆਂ ਦੀਆਂ ਦੁਕਾਨਾਂ, ਸਕੂਲਾਂ ਅਤੇ ਕਾਲਜਾਂ ਸਮੇਤ ਜ਼ਰੂਰੀ ਸੇਵਾਵਾਂ ਨੂੰ ਬੰਦ ਦੇ ਦਾਇਰੇ ਤੋਂ ਬਾਹਰ ਰਖਿਆ ਗਿਆ। ਮੰਗਲਵਾਰ ਤੋਂ ਸ਼ੁਰੂ ਹੋ ਰਹੇ 10 ਦਿਨਾਂ ਗਣੇਸ਼ ਉਤਸਵ ਦੇ ਮੱਦੇਨਜ਼ਰ ਭਗਵਾਨ ਗਣੇਸ਼ ਦੀਆਂ ਮੂਰਤੀਆਂ ਵੇਚਣ ਵਾਲੀਆਂ ਸੜਕਾਂ ਕਿਨਾਰੇ ਦੁਕਾਨਾਂ ਬੰਦ ਨਹੀਂ ਕੀਤੀਆਂ ਗਈਆਂ।
ਖੁਰਾਣਾ ਨੇ ਕਿਹਾ ਕਿ ਧਰਨਾ ਜਾਰੀ ਰਹੇਗਾ ਅਤੇ ਮੰਗਾਂ ਪੂਰੀਆਂ ਹੋਣ ਤਕ ਮ੍ਰਿਤਕ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।
ਦੁਰਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਪੁਸ਼ਪੇਂਦਰ ਸਿੰਘ ਮੀਨਾ ਨੇ ਦਸਿਆ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕ ਦੇ ਪ੍ਰਵਾਰ ਨੂੰ 5 ਲੱਖ ਰੁਪਏ ਦੀ ਤੁਰਤ ਸਹਾਇਤਾ ਅਤੇ ਇਕ ਮੈਂਬਰ ਨੂੰ ਠੇਕੇ ’ਤੇ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਹੈ, ਪਰ ਪੀੜਤ ਪਰਿਵਾਰ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਘਟਨਾ ’ਚ ਹੋਰ ਕਿੰਨੇ ਲੋਕ ਸ਼ਾਮਲ ਸਨ।
ਪਾਕਿਸਤਾਨ ਪੱਖੀ ਨਾਅਰੇ ਲਾਉਣ ਵਾਲਿਆਂ ਦਾ ਵਿਰੋਧ ਕਰਨ ਕਰਕੇ ਕੀਤਾ ਗਿਆ ਸੀ ਮਲਕੀਤ ਸਿੰਘ ਦਾ ਕਤਲ : ਭਾਜਪਾ
ਭਾਜਪਾ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮਲਕੀਤ ਸਿੰਘ ਦਾ ਕਤਲ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ’ਚ ਅਜਿਹੀਆਂ ਘਟਨਾਵਾਂ ਵੱਧ ਰਹੀਆਂ ਹਨ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨਰਾਇਣ ਚੰਦੇਲ ਨੇ ਕਿਹਾ ਹੈ, ‘‘ਮਲਕੀਤ ਸਿੰਘ ਦਾ ਕਤਲ ਉਦੋਂ ਕੀਤੀ ਗਿਆ ਜਦੋਂ ਉਸ ਨੇ ਪਾਕਿਸਤਾਨ ਪੱਖੀ ਨਾਅਰੇ ਲਗਾਉਣ ਵਾਲਿਆਂ ਦਾ ਵਿਰੋਧ ਕੀਤਾ ਸੀ। ਉਸ ਦਾ ਕਤਲ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਕੀਤਾ ਸੀ। ਅਜਿਹੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਘਟਨਾ ਨੇ ਸੂਬੇ ਨੂੰ ਹਿਲਾ ਕੇ ਰੱਖ ਦਿਤਾ ਹੈ। ਅਜਿਹੀਆਂ ਘਟਨਾਵਾਂ ਸਾਡੇ ਸਾਰਿਆਂ ਲਈ ਚੁਨੌਤੀਪੂਰਨ ਹਨ ਅਤੇ ਅਜਿਹੀ ਮਾਨਸਿਕਤਾ ਨੂੰ ਕੁਚਲਣ ਦੀ ਲੋੜ ਹੈ।’’ ਚੰਦੇਲ ਨੇ ਕਾਂਗਰਸ ’ਤੇ ਅਜਿਹੀਆਂ ਘਟਨਾਵਾਂ ’ਚ ਸ਼ਾਮਲ ਲੋਕਾਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ ਹੈ।
ਘਟਨਾ ਨੂੰ ਜਾਣਬੁਝ ਕੇ ਫ਼ਿਰਕੂ ਰੰਗਤ ਦੇਣਾ ਚਾਹੁੰਦੀ ਹੈ ਭਾਜਪਾ : ਮੁੱਖ ਮੰਤਰੀ ਭੂਪੇਸ਼ ਬਘੇਲ
ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਭਾਜਪਾ ’ਤੇ ਇਸ ਘਟਨਾ ਨੂੰ ਜਾਣਬੁਝ ਕੇ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਬਘੇਲ ਨੇ ਕਿਹਾ, ‘‘ਭਾਜਪਾ ਜਾਣਬੁਝ ਕੇ ਇਸ ਘਟਨਾ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਾਜਪਾ ਇਸ ਘਟਨਾ ’ਤੇ ਸਿਆਸਤ ਕਰ ਰਹੀ ਹੈ ਕਿਉਂਕਿ ਉਸ ਕੋਲ ਕੋਈ ਮੁੱਦਾ ਨਹੀਂ ਬਚਿਆ ਹੈ।’’