10 ਘੰਟਿਆਂ ਤੋਂ ਵੱਧ ਸਮੇਂ ਤਕ ਹਿਰਾਸਤ ’ਚ ਰੱਖਿਆ
ਭੁਵਨੇਸ਼ਵਰ: ਓਡੀਸ਼ਾ ਪੁਲਿਸ ਨੇ ਭੁਵਨੇਸ਼ਵਰ ਦੇ ਭਰਤਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਨੂੰ ਫੌਜ ਦੇ ਇਕ ਅਧਿਕਾਰੀ ’ਤੇ ਹਮਲਾ ਕਰਨ ਅਤੇ ਉਸ ਦੀ ਮਹਿਲਾ ਦੋਸਤ ਨਾਲ ‘ਛੇੜਛਾੜ’ ਕਰਨ ਦੇ ਦੋਸ਼ ’ਚ ਮੁਅੱਤਲ ਕਰ ਦਿਤਾ ਹੈ।
ਪੁਲਿਸ ਡਾਇਰੈਕਟਰ ਜਨਰਲ ਵਾਈ.ਬੀ. ਖੁਰਾਨੀਆ ਵਲੋਂ ਬੁਧਵਾਰ ਨੂੰ ਜਾਰੀ ਹੁਕਮ ਅਨੁਸਾਰ ਪੰਜ ਪੁਲਿਸ ਮੁਲਾਜ਼ਮਾਂ ਨੂੰ ਗੰਭੀਰ ਦੁਰਵਿਵਹਾਰ ਦੇ ਦੋਸ਼ਾਂ ’ਚ ਮੁਅੱਤਲ ਕਰ ਦਿਤਾ ਗਿਆ। ਮੁਅੱਤਲ ਕੀਤੇ ਗਏ ਪੁਲਿਸ ਅਧਿਕਾਰੀਆਂ ’ਚ ਇੰਸਪੈਕਟਰ ਦੀਨਾਕ੍ਰਿਸ਼ਨ ਮਿਸ਼ਰਾ, ਸਬ-ਇੰਸਪੈਕਟਰ ਬੈਸਾਲਿਨੀ ਪਾਂਡਾ, ਦੋ ਮਹਿਲਾ ਏ.ਐਸ.ਆਈ. ਸਲੀਲਾਮਯੀ ਸਾਹੂ ਅਤੇ ਸਾਗਰਿਕਾ ਰਥ ਅਤੇ ਕਾਂਸਟੇਬਲ ਬਲਰਾਮ ਹੰਸਦਾ ਸ਼ਾਮਲ ਹਨ।
ਫੌਜ ਅਧਿਕਾਰੀ ਅਤੇ ਉਸ ਦੀ ਮਹਿਲਾ ਦੋਸਤ ’ਤੇ ਕਥਿਤ ਤੌਰ ’ਤੇ ਹਮਲੇ ਤੋਂ ਬਾਅਦ ਮਿਸ਼ਰਾ, ਸਲੀਲਾਮਈ ਅਤੇ ਬਲਰਾਮ ਦੀ ਬਦਲੀ ਮੰਗਲਵਾਰ ਨੂੰ ਹੀ ਕਰ ਦਿਤੀ ਗਈ। ਪੁਲਿਸ ਹੁਕਮ ’ਚ ਕਿਹਾ ਗਿਆ ਹੈ, ‘‘ਹੁਕਮ ਲਾਗੂ ਹੋਣ ਦੀ ਮਿਆਦ ਦੌਰਾਨ, ਉਹ ਭੁਵਨੇਸ਼ਵਰ-ਕਟਕ ਦੇ ਪੁਲਿਸ ਕਮਿਸ਼ਨਰ ਦੇ ਅਨੁਸ਼ਾਸਨੀ ਨਿਯੰਤਰਣ ਅਧੀਨ ਹੋਣਗੇ ਅਤੇ ਓਡੀਸ਼ਾ ਸੇਵਾ ਜ਼ਾਬਤੇ ਦੇ ਨਿਯਮ 90 ਦੇ ਤਹਿਤ ਵਿਸ਼ੇਸ਼ ਭੱਤਾ ਅਤੇ ਮਹਿੰਗਾਈ ਭੱਤਾ ਪ੍ਰਾਪਤ ਕਰਨਗੇ।’’
ਪਛਮੀ ਬੰਗਾਲ ’ਚ ਤਾਇਨਾਤ ਫ਼ੌਜ ਦੇ ਇਕ ਅਧਿਕਾਰੀ ਅਤੇ ਉਸ ਦੀ ਮਹਿਲਾ ਦੋਸਤ ਨੇ ਐਤਵਾਰ ਸਵੇਰੇ ਭਰਤਪੁਰ ਥਾਣੇ ’ਚ ਰੋਡ ਰੇਜ ਦੀ ਸ਼ਿਕਾਇਤ ਦਰਜ ਕਰਵਾਈ। ਥਾਣੇ ’ਚ ਐਫ.ਆਈ.ਆਰ. ਦਰਜ ਕਰਨ ਨੂੰ ਲੈ ਕੇ ਦੋਹਾਂ ਦਾ ਪੁਲਿਸ ਵਾਲਿਆਂ ਨਾਲ ਝਗੜਾ ਹੋਇਆ ਸੀ।
ਦਸਿਆ ਜਾ ਰਿਹਾ ਹੈ ਕਿ ਫੌਜੀ ਅਧਿਕਾਰੀ ਨੂੰ 10 ਘੰਟਿਆਂ ਤੋਂ ਵੱਧ ਸਮੇਂ ਤਕ ਹਿਰਾਸਤ ’ਚ ਰੱਖਿਆ ਗਿਆ ਅਤੇ ਉਸ ਦੀ ਮਹਿਲਾ ਦੋਸਤ ਨੂੰ ਇਕ ਮਹਿਲਾ ਅਧਿਕਾਰੀ ਇਕ ਸੁੰਨਸਾਨ ਕਮਰੇ ’ਚ ਲੈ ਗਈ, ਜਿੱਥੇ ਉਸ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ, ਉਸ ਦੇ ਕਪੜੇ ਉਤਾਰ ਦਿਤੇ ਗਏ ਅਤੇ ਛੇੜਛਾੜ ਕੀਤੀ ਗਈ।ਫੌਜ ਦੇ ਅਧਿਕਾਰੀਆਂ ਦੇ ਦਖਲ ਮਗਰੋਂ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ। ਹਾਲਾਂਕਿ, ਪੁਲਿਸ ਨੇ ਫੌਜੀ ਅਧਿਕਾਰੀ ਦੀ ਮਹਿਲਾ ਦੋਸਤ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ।
ਇਸ ਘਟਨਾ ਤੋਂ ਬਾਅਦ ਭਾਰਤੀ ਫੌਜ ਦੀ ਕੇਂਦਰੀ ਕਮਾਂਡ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਓਡੀਸ਼ਾ ਦੇ ਭਰਤਪੁਰ ਥਾਣੇ ’ਚ ਫੌਜ ਦੇ ਇਕ ਅਧਿਕਾਰੀ ਨਾਲ ਦੁਰਵਿਵਹਾਰ ਦੀ ਘਟਨਾ ਮੀਡੀਆ ’ਚ ਸਾਹਮਣੇ ਆਈ ਹੈ। ਭਾਰਤੀ ਫੌਜ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਲੋੜੀਂਦੀ ਕਾਰਵਾਈ ਕੀਤੀ ਗਈ ਹੈ।’’
ਇਕ ਪੁਲਿਸ ਅਧਿਕਾਰੀ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਦੋਵੇਂ ਥਾਣੇ ਪਹੁੰਚੇ ਅਤੇ ‘ਰੋਡ ਰੇਜ’ ਦੀ ਘਟਨਾ ਬਾਰੇ ਲਿਖਤੀ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਇਕ ਮਹਿਲਾ ਪੁਲਿਸ ਮੁਲਾਜ਼ਮ ਸਮੇਤ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ। ਡੀ.ਜੀ.ਪੀ. ਦੇ ਹੁਕਮ ਤੋਂ ਬਾਅਦ ਓਡੀਸ਼ਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਮੰਗਲਵਾਰ ਨੂੰ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਡੀ.ਐਸ.ਪੀ. ਰੈਂਕ ਦੇ ਅਧਿਕਾਰੀ ਨਰਿੰਦਰ ਕੁਮਾਰ ਬੇਹਰਾ ਦੀ ਅਗਵਾਈ ਵਾਲੀ ਕ੍ਰਾਈਮ ਬ੍ਰਾਂਚ ਦੀ ਪੰਜ ਮੈਂਬਰੀ ਟੀਮ ਨੇ ਐਤਵਾਰ ਸਵੇਰੇ ਘਟਨਾ ਦੌਰਾਨ ਮੌਜੂਦ ਪੁਲਿਸ ਮੁਲਾਜ਼ਮਾਂ ਤੋਂ ਚਾਰ ਘੰਟੇ ਤੋਂ ਵੱਧ ਸਮੇਂ ਤਕ ਪੁੱਛ-ਪੜਤਾਲ ਕੀਤੀ ਅਤੇ ਮਾਮਲੇ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕੀਤੀ।
ਹਾਈ ਕੋਰਟ ਨੇ ਔਰਤ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਬੁਧਵਾਰ ਲਈ ਮੁਲਤਵੀ ਕਰ ਦਿਤੀ ਅਤੇ ਜਾਂਚ ਅਧਿਕਾਰੀ ਅਤੇ ਭਰਤਪੁਰ ਥਾਣੇ ਦੇ ਇੰਚਾਰਜ ਇੰਸਪੈਕਟਰ ਨੂੰ ਬੁਧਵਾਰ ਨੂੰ ਵਰਚੁਅਲ ਮਾਧਿਅਮ ਰਾਹੀਂ ਅਦਾਲਤ ’ਚ ਪੇਸ਼ ਹੋਣ ਦਾ ਹੁਕਮ ਦਿਤਾ।