
ਦੋ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਸਨਾਈਪਰਾਂ ਦੀ ਵਰਤੋਂ ਕੀਤੀ ਗਈ
ਜੰਮੂ: ਜੰਮੂ-ਕਸ਼ਮੀਰ ’ਚ ਕੌਮਾਂਤਰੀ ਸਰਹੱਦ (ਆਈ.ਬੀ.) ਨੇੜੇ ਸਰਹੱਦੀ ਸੁਰੱਖਿਆ ਫ਼ੋਰਸ ’ਤੇ ਪਾਕਿਸਤਾਨੀ ਰੇਂਜਰਾਂ ਵਲੋਂ ਬਿਨਾਂ ਕਿਸੇ ਉਕਸਾਵੇ ਤੋਂ ਗੋਲਾਬਾਰੀ ਤੋਂ ਬਾਅਦ ਸੀਮਾ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਦੋ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਬੀ.ਐਸ.ਐਫ. ਨੇ ਇਕ ਬਿਆਨ ’ਚ ਕਿਹਾ ਕਿ ਪਾਕਿਸਤਾਨ ਰੇਂਜਰਾਂ ਨੇ ਮੰਗਲਵਾਰ ਸਵੇਰੇ 8:15 ਵਜੇ ਅਰਨੀਆ ਸੈਕਟਰ ’ਚ ਵਿਕਰਮ ਚੌਕੀ ’ਤੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਬੀ.ਐਸ.ਐਫ. ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ।
ਬਿਆਨ ਮੁਤਾਬਕ ਇਸ ਗੋਲੀਬਾਰੀ ’ਚ ਬੀ.ਐਸ.ਐਫ. ਦੇ ਦੋ ਜਵਾਨ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ। ਸੂਤਰਾਂ ਨੇ ਦਸਿਆ ਕਿ ਗੋਲੀਬਾਰੀ ਦੀ ਘਟਨਾ ਦਾ ਮੁੱਦਾ ਪਾਕਿਸਤਾਨ ਰੇਂਜਰਾਂ ਕੋਲ ਉਠਾਇਆ ਜਾਵੇਗਾ ਅਤੇ ਘਟਨਾ ਨੂੰ ਲੈ ਕੇ ਉਨ੍ਹਾਂ ਕੋਲ ਰੋਸ ਪ੍ਰਗਟ ਕੀਤਾ ਜਾਵੇਗਾ। ਸੂਤਰਾਂ ਨੇ ਦਸਿਆ ਕਿ ਬੀ.ਐਸ.ਐਫ. ਦੇ ਇਨ੍ਹਾਂ ਦੋ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਦੀਆਂ ਇਕਬਾਲ ਅਤੇ ਖਨੌਰ ਚੌਕੀਆਂ ਦੀ ਦਿਸ਼ਾ ਤੋਂ ਸਨਾਈਪਰਾਂ ਦੀ ਵਰਤੋਂ ਕੀਤੀ ਗਈ ਸੀ।
ਉਨ੍ਹਾਂ ਦਸਿਆ ਕਿ ਬੀ.ਐਸ.ਐਫ. ਦੇ ਦੋਵੇਂ ਜਵਾਨ ਚੌਕੀ ਨੇੜੇ ਬਿਜਲੀ ਦਾ ਕੰਮ ਕਰ ਰਹੇ ਸਨ ਜਦੋਂ ਗੋਲੀਬਾਰੀ ਸ਼ੁਰੂ ਹੋ ਗਈ। ਭਾਰਤ ਅਤੇ ਪਾਕਿਸਤਾਨ ਨੇ 25 ਫਰਵਰੀ, 2021 ਨੂੰ ਇਕ ਜੰਗਬੰਦੀ ਸਮਝੌਤੇ ’ਤੇ ਹਸਤਾਖਰ ਕੀਤੇ ਸਨ, ਜਿਸ ’ਚ ਦੋਵੇਂ ਦੇਸ਼ ਜੰਮੂ-ਕਸ਼ਮੀਰ ਅਤੇ ਹੋਰ ਖੇਤਰਾਂ ’ਚ ਕੰਟਰੋਲ ਰੇਖਾ ਦੇ ਨਾਲ ਜੰਗਬੰਦੀ ਦੇ ਸਾਰੇ ਸਮਝੌਤਿਆਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਸਹਿਮਤ ਹੋਏ ਸਨ।