
ਸ਼ਰਾਬ ਦੀ ਵਿਕਰੀ ਅਤੇ ਖਪਤ ’ਤੇ ਲਗਾਈ ਗਈ ਪਾਬੰਦੀ
ਪਟਨਾ: ਬਿਹਾਰ ਦੇ ਸੀਵਾਨ ਅਤੇ ਸਾਰਨ ਜ਼ਿਲ੍ਹਿਆਂ ’ਚ ਕਥਿਤ ਤੌਰ ’ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਇਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 35 ਹੋ ਗਈ ਹੈ।
ਸਾਰਨ ਰੇਂਜ ਦੇ ਡੀ.ਆਈ.ਜੀ. ਨੀਲੇਸ਼ ਕੁਮਾਰ ਨੇ ਸ਼ੁਕਰਵਾਰ ਨੂੰ ਦਸਿਆ ਕਿ ਸੀਵਾਨ ਜ਼ਿਲ੍ਹੇ ਦੀ ਮਗਹਰ ਅਤੇ ਔਰਈਆ ਪੰਚਾਇਤਾਂ ’ਚ ਸ਼ੱਕੀ ਗੈਰ-ਕਾਨੂੰਨੀ ਖਪਤ ਕਾਰਨ ਹੁਣ ਤਕ 28 ਲੋਕਾਂ ਦੀ ਮੌਤ ਹੋ ਚੁਕੀ ਹੈ। ਸਾਰਨ ਜ਼ਿਲ੍ਹੇ ਦੇ ਮਸ਼ਰਖ ਥਾਣਾ ਖੇਤਰ ’ਚ ਸ਼ੱਕੀ ਤੌਰ ’ਤੇ ਨਾਜਾਇਜ਼ ਸ਼ਰਾਬ ਪੀਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ।
ਇਸ ਸ਼ੱਕੀ ਸ਼ਰਾਬ ਤ੍ਰਾਸਦੀ ਨੂੰ ਲੈ ਕੇ ਸੂਬੇ ’ਚ ਸਿਆਸੀ ਦੋਸ਼ ਚੱਲ ਰਹੇ ਹਨ। ਵਿਰੋਧੀ ਪਾਰਟੀਆਂ ਅੱਠ ਸਾਲ ਪਹਿਲਾਂ ਨਿਤੀਸ਼ ਕੁਮਾਰ ਸਰਕਾਰ ਵਲੋਂ ਸ਼ਰਾਬ ਦੀ ਵਿਕਰੀ ਅਤੇ ਖਪਤ ’ਤੇ ਲਗਾਈ ਗਈ ਪਾਬੰਦੀ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਉਠਾ ਰਹੀਆਂ ਹਨ।
ਦੋਹਾਂ ਜ਼ਿਲ੍ਹਿਆਂ ਦੇ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਨਾਜਾਇਜ਼ ਸ਼ਰਾਬ ਪੀਣ ਨਾਲ ਲੋਕਾਂ ਦੀ ਜਾਨ ਚਲੀ ਗਈ। ਸਥਾਨਕ ਪੁਲਿਸ ਅਧਿਕਾਰੀਆਂ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦਾਅਵਾ ਕੀਤਾ ਕਿ ਦੋਹਾਂ ਜ਼ਿਲ੍ਹਿਆਂ ਦੇ 25 ਤੋਂ ਵੱਧ ਲੋਕ ਅਜੇ ਵੀ ਸੀਵਾਨ, ਸਾਰਨ ਅਤੇ ਪਟਨਾ ਦੇ ਵੱਖ-ਵੱਖ ਹਸਪਤਾਲਾਂ ’ਚ ਅਪਣੀ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ।