
ਜੋਗਿੰਦਰਨਗਰ ਵਿਖੇ 110 ਮੈਗਾਵਾਟ ਦੇ ਇਕ ਸਦੀ ਪੁਰਾਣੇ ਸ਼ਾਨਨ ਪਾਵਰ ਹਾਊਸ ਦਾ ਨਿਰੀਖਣ ਕੀਤਾ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁਕਰਵਾਰ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਸਰਕਾਰ ਸਦੀ ਪੁਰਾਣੇ ਸ਼ਾਨਨ ਪਾਵਰ ਪ੍ਰਾਜੈਕਟ ਨੂੰ ਸੂਬੇ ਦੇ ਹਵਾਲੇ ਕਰੇ। ਸੁੱਖੂ ਨੇ ਜੋਗਿੰਦਰਨਗਰ ਵਿਖੇ 110 ਮੈਗਾਵਾਟ ਦੇ ਸ਼ਾਨਨ ਪਾਵਰ ਹਾਊਸ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਲਈ। ਬਾਅਦ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੀਜ਼ ਦੀ ਮਿਆਦ ਖਤਮ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਇਸ ਪ੍ਰਾਜੈਕਟ ਨੂੰ ਅਪਣੇ ਹੱਥ ’ਚ ਲੈਣ ਦੀ ਹੱਕਦਾਰ ਹੈ।
ਸ਼ਾਨਨ ਪ੍ਰਾਜੈਕਟ 1932 ’ਚ ਚਾਲੂ ਕੀਤਾ ਗਿਆ ਸੀ। ਸ਼ਾਨਨ ਹਾਈਡ੍ਰੋਇਲੈਕਟ੍ਰਿਕ ਪਾਵਰ ਹਾਊਸ ਦਾ ਨਿਰਮਾਣ 1925 ਵਿਚ ਮੰਡੀ ਰਾਜ ਦੇ ਤਤਕਾਲੀ ਰਾਜਾ ਜੋਗਿੰਦਰ ਸੇਨ ਅਤੇ ਬ੍ਰਿਟਿਸ਼ ਇੰਜੀਨੀਅਰ ਕਰਨਲ ਬੀ.ਸੀ. ਬੱਟੀ ਵਿਚਕਾਰ 99 ਸਾਲ ਦੀ ਲੀਜ਼ ’ਤੇ ਕੀਤਾ ਗਿਆ ਸੀ। ਨਵੰਬਰ 1966 ਵਿਚ ਸੂਬਿਆਂ ਦੇ ਪੁਨਰਗਠਨ ਦੌਰਾਨ ਇਹ ਪਾਵਰ ਹਾਊਸ ਪੰਜਾਬ ਨੂੰ 99 ਸਾਲ ਦੀ ਲੀਜ਼ ’ਤੇ ਦਿਤਾ ਗਿਆ ਸੀ, ਜੋ 2 ਮਾਰਚ, 2024 ਨੂੰ ਖਤਮ ਹੋ ਗਿਆ ਸੀ।
ਸੁੱਖੂ ਨੇ ਕਿਹਾ, ‘‘ਪੰਜਾਬ ਵਲੋਂ ਇਕ ਸਦੀ ਦੇ ਸੰਚਾਲਨ ਤੋਂ ਬਾਅਦ ਹੁਣ ਸਮਾਂ ਆ ਗਿਆ ਹੈ ਕਿ ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਜੋਗਿੰਦਰਨਗਰ ’ਚ ਸਥਿਤ 110 ਮੈਗਾਵਾਟ ਦਾ ਸ਼ਾਨਨ ਪਾਵਰ ਪ੍ਰਾਜੈਕਟ ਸੂਬੇ ਨੂੰ ਸੌਂਪਿਆ ਜਾਵੇ।’’
ਉਨ੍ਹਾਂ ਕਿਹਾ, ‘‘ਸ਼ਨਾਨ ਪ੍ਰਾਜੈਕਟ ਪੰਜਾਬ ਪੁਨਰਗਠਨ ਐਕਟ ਦੇ ਅਧੀਨ ਨਹੀਂ ਆਉਂਦਾ ਅਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ’ਚ ਅਪੀਲ ਦਾਇਰ ਕੀਤੀ ਹੈ।’’ ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮਾਮਲੇ ’ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਾਰਿਆਂ ਵਲੋਂ ਸਨਮਾਨ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਦਸਿਆ ਕਿ ਸ਼ਾਨਨ ਪ੍ਰਾਜੈਕਟ ਦੀ ਨੀਂਹ ਇਕ ਸਦੀ ਤੋਂ ਵੱਧ ਪਹਿਲਾਂ ਰੱਖੀ ਗਈ ਸੀ। ਉਨ੍ਹਾਂ ਦੇ ਦੌਰੇ ਦਾ ਉਦੇਸ਼ ਇਸ ਪਾਵਰ ਪ੍ਰਾਜੈਕਟ ਦੀ ਮੌਜੂਦਾ ਸਥਿਤੀ ਦਾ ਮੁਲਾਂਕਣ ਕਰਨਾ ਸੀ। ਉਨ੍ਹਾਂ ਕਿਹਾ ਕਿ ਭਾਵੇਂ ਇਹ ਪ੍ਰਾਜੈਕਟ ਇਸ ਸਮੇਂ ਪੰਜਾਬ ਸਰਕਾਰ ਵਲੋਂ ਚਲਾਇਆ ਜਾ ਰਿਹਾ ਹੈ ਪਰ ਇਸ ਦਾ ਕੰਟਰੋਲ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸੌਂਪਣ ਬਾਰੇ ਵਿਚਾਰ-ਵਟਾਂਦਰੇ ਚੱਲ ਰਹੇ ਹਨ।