
Hyderabad News: ਮੁਹੰਮਦ ਅਹਿਮਦ ਦੀ ਪਤਨੀ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਅਪਣੇ ਪਤੀ ਨੂੰ ਬਚਾਉਣ ਅਤੇ ਵਾਪਸ ਭੇਜਣ ਦੀ ਬੇਨਤੀ ਕੀਤੀ ਹੈ।
Hyderabad man recruited into Russian army by cheating him of a job: 37 ਸਾਲ ਦੇ ਇਕ ਵਿਅਕਤੀ ਨੂੰ ਰੂਸ ਦੀ ਇਕ ਉਸਾਰੀ ਕੰਪਨੀ ’ਚ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਹ ਹੁਣ ਰੂਸ-ਯੂਕਰੇਨ ਸਰਹੱਦ ਉਤੇ ਫਸਿਆ ਹੋਇਆ ਹੈ ਅਤੇ ਉਸ ਨੂੰ ਕਥਿਤ ਤੌਰ ਉਤੇ ਜੰਗ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮੁਹੰਮਦ ਅਹਿਮਦ ਦੀ ਪਤਨੀ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਅਪਣੇ ਪਤੀ ਨੂੰ ਬਚਾਉਣ ਅਤੇ ਵਾਪਸ ਭੇਜਣ ਦੀ ਬੇਨਤੀ ਕੀਤੀ ਹੈ। ਅਹਿਮਦ ਨੇ ਇਕ ਵੀਡੀਉ ਸੰਦੇਸ਼ ਵਿਚ ਕਿਹਾ, ‘‘ਮੈਂ ਜਿੱਥੇ ਹਾਂ ਉਹ ਸਰਹੱਦ ਹੈ ਅਤੇ ਜੰਗ ਚੱਲ ਰਿਹਾ ਹੈ। ਅਸੀਂ ਚਾਰ ਭਾਰਤੀਆਂ ਨੇ ਜੰਗੀ ਖੇਤਰ ਵਿਚ ਜਾਣ ਤੋਂ ਇਨਕਾਰ ਕਰ ਦਿਤਾ ਸੀ। ਉਨ੍ਹਾਂ ਨੇ ਸਾਨੂੰ ਲੜਨ ਦੀ ਧਮਕੀ ਦਿਤੀ ਅਤੇ ਮੇਰੇ ਅਤੇ ਇਕ ਹੋਰ ਵਿਅਕਤੀ ਉਤੇ ਹਥਿਆਰ ਤਾਣ ਦਿਤਾ। ਮੇਰੀ ਲੱਤ ਉਤੇ ਪਲਾਸਟਰ ਹੈ।
ਏਜੰਟ ਨੂੰ ਨਾ ਛੱਡਿਉ। ਏਜੰਟ ਨੇ ਹੀ ਸਾਨੂੰ ਇਥੇ ਫਸਾਇਆ ਹੈ। ਏਜੰਟ ਨੇ ਮੈਨੂੰ ਕੰਮ ਦੀ ਪੇਸ਼ਕਸ਼ ਨਹੀਂ ਕੀਤੀ। ਮੈਨੂੰ ਨੌਕਰੀ ਦੇਣ ਦੇ ਬਹਾਨੇ ਜ਼ਬਰਦਸਤੀ ਇੱਥੇ ਲਿਆਂਦਾ ਗਿਆ।’’ ਜੈਸ਼ੰਕਰ ਨੂੰ ਸੰਬੋਧਿਤ ਚਿੱਠੀ ’ਚ ਅਹਿਮਦ ਦੀ ਪਤਨੀ ਨੇ ਕਿਹਾ ਕਿ ਮੁੰਬਈ ਦੀ ਇਕ ਕੰਸਲਟੈਂਸੀ ਫਰਮ ਨੇ ਉਸ ਦੇ ਪਤੀ ਨੂੰ ਰੂਸ ’ਚ ਇਕ ਉਸਾਰੀ ਕੰਪਨੀ ’ਚ ਨੌਕਰੀ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੇ ਸਮਝੌਤੇ ਮੁਤਾਬਕ ਅਹਿਮਦ ਅਪ੍ਰੈਲ 2025 ’ਚ ਭਾਰਤ ਛੱਡ ਕੇ ਰੂਸ ਪਹੁੰਚਿਆ ਸੀ। ਉਸ ਨੇ ਕਿਹਾ ਕਿ ਕਰੀਬ ਇਕ ਮਹੀਨੇ ਤੋਂ ਕੋਈ ਕੰਮ ਨਹੀਂ ਸੀ ਅਤੇ ਬਾਅਦ ’ਚ ਉਸ ਦੇ ਪਤੀ ਸਮੇਤ 30 ਹੋਰ ਲੋਕਾਂ ਨੂੰ ਦੂਰ-ਦੁਰਾਡੇ ’ਚ ਤਬਦੀਲ ਕਰ ਦਿਤਾ ਗਿਆ ਅਤੇ ਜ਼ਬਰਦਸਤੀ ਹਥਿਆਰਾਂ ਦੀ ਸਿਖਲਾਈ ਦਿਤੀ ਗਈ।
ਅਹਿਮਦ ਦੀ ਪਤਨੀ ਨੇ ਕਿਹਾ, ‘‘ਸਿਖਲਾਈ ਤੋਂ ਬਾਅਦ, 26 ਵਿਅਕਤੀਆਂ ਨੂੰ ਯੂਕਰੇਨੀ ਫੌਜ ਨਾਲ ਲੜਨ ਲਈ ਸਰਹੱਦੀ ਖੇਤਰ ਵਿਚ ਲਿਜਾਇਆ ਗਿਆ। ਸਰਹੱਦੀ ਇਲਾਕੇ ’ਚ ਲਿਜਾਏ ਜਾਣ ਸਮੇਂ ਅਹਿਮਦ ਨੇ ਫੌਜ ਦੀ ਗੱਡੀ ਤੋਂ ਛਾਲ ਮਾਰ ਦਿਤੀ, ਜਿਸ ਕਾਰਨ ਉਸ ਦੀ ਸੱਜੀ ਲੱਤ ਟੁੱਟ ਗਈ। ਉਸ ਨੇ ਲੜਨ ਤੋਂ ਇਨਕਾਰ ਕਰ ਦਿਤਾ। ਪਰ, ਉਸ ਨੂੰ ਧਮਕੀ ਦਿਤੀ ਜਾ ਰਹੀ ਹੈ ਕਿ ਉਹ ਜਾਂ ਤਾਂ ਯੂਕਰੇਨੀ ਫੌਜ ਨਾਲ ਲੜੇਗਾ ਜਾਂ ਮਾਰਿਆ ਜਾਵੇਗਾ।’’ ਅਹਿਮਦ ਦੀ ਪਤਨੀ ਸਮੇਤ ਉਨ੍ਹਾਂ ਦੇ ਪਰਵਾਰਕ ਜੀਆਂ ਨੇ ਵੀਰਵਾਰ ਨੂੰ ਇੱਥੇ ਏ.ਆਈ.ਐਮ.ਆਈ.ਐਮ. ਦੇ ਪ੍ਰਧਾਨ ਅਸਦੁਦੀਨ ਓਵੈਸੀ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਹਿਮਦ ਨੂੰ ਹੈਦਰਾਬਾਦ ਵਾਪਸ ਲਿਆਉਣ ਵਿਚ ਮਦਦ ਕਰਨ ਦੀ ਬੇਨਤੀ ਕੀਤੀ। ਓਵੈਸੀ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦੀ ਜਾਂਚ ਕਰਨ ਅਤੇ ਅਹਿਮਦ ਨੂੰ ਰੂਸ ਤੋਂ ਭਾਰਤ ਵਾਪਸ ਲਿਆਉਣ ਦੀ ਬੇਨਤੀ ਕੀਤੀ।