
ਚੋਣ ਕਮਿਸ਼ਨ ਨੇ ਅਭਿਸ਼ੇਕ ਸਿੰਘ ਦੀਆਂ ਇੰਸਟਾਗ੍ਰਾਮ ਫੋਟੋਆਂ ਨੂੰ ਚੋਣ ਨਿਯਮਾਂ ਦੀ ਉਲੰਘਣਾ ਮੰਨਿਆ ਹੈ।
ਨਵੀਂ ਦਿੱਲੀ: ਅਭਿਨੇਤਾ ਅਤੇ ਆਈਏਐਸ ਅਧਿਕਾਰੀ ਅਭਿਸ਼ੇਕ ਸਿੰਘ ਨੂੰ ਚੋਣ ਕਮਿਸ਼ਨ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਚੋਣ ਡਿਊਟੀ ਤੋਂ ਹਟਾ ਦਿੱਤਾ ਹੈ। ਦਰਅਸਲ ਅਭਿਸ਼ੇਕ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਤੇ ਟਵਿੱਟਰ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ ਨੂੰ ਚੋਣ ਕਮਿਸ਼ਨ ਨੇ 'ਪਬਲੀਸਿਟੀ ਸਟੰਟ' ਦੱਸਦੇ ਹੋਏ ਉਹਨਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਹੈ। ਕਈ ਫਿਲਮਾਂ ਅਤੇ ਵੈੱਬ ਸੀਰੀਜ਼ 'ਚ ਕੰਮ ਕਰ ਚੁੱਕੇ ਅਭਿਸ਼ੇਕ ਸਿੰਘ, ਗੁਜਰਾਤ ਵਿਧਾਨ ਸਭਾ ਚੋਣਾਂ 'ਚ ਅਹਿਮਦਾਬਾਦ-ਬਾਪੂ ਨਗਰ ਅਤੇ ਅਸਾਰਵਾ ਵਿਧਾਨ ਸਭਾ ਹਲਕਿਆਂ 'ਚ ਅਬਜ਼ਰਵਰ ਵਜੋਂ ਤਾਇਨਾਤ ਸਨ।
ਚੋਣ ਕਮਿਸ਼ਨ ਨੇ ਅਭਿਸ਼ੇਕ ਸਿੰਘ ਦੀਆਂ ਇੰਸਟਾਗ੍ਰਾਮ ਫੋਟੋਆਂ ਨੂੰ ਚੋਣ ਨਿਯਮਾਂ ਦੀ ਉਲੰਘਣਾ ਮੰਨਿਆ ਹੈ। ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਅਭਿਸ਼ੇਕ ਨੂੰ ਅਗਲੇ ਹੁਕਮਾਂ ਤੱਕ ਚੋਣ ਸਬੰਧੀ ਕੰਮ ਤੋਂ ਵੀ ਦੂਰ ਰੱਖਿਆ ਗਿਆ ਹੈ। ਉਹਨਾਂ ਨੂੰ ਅੱਜ ਹੀ ਵਿਧਾਨ ਸਭਾ ਹਲਕਾ ਛੱਡਣ ਲਈ ਕਿਹਾ ਗਿਆ ਹੈ, ਇਸ ਦੇ ਨਾਲ ਹੀ ਉਹਨਾਂ ਨੂੰ ਅਬਜ਼ਰਵਰ ਵਜੋਂ ਦਿੱਤੀਆਂ ਗਈਆਂ ਸਾਰੀਆਂ ਸਹੂਲਤਾਂ ਵੀ ਵਾਪਸ ਲੈ ਲਈਆਂ ਹਨ। ਉਹਨਾਂ ਦੀ ਥਾਂ 'ਤੇ ਇਕ ਹੋਰ ਆਈਏਐਸ ਅਧਿਕਾਰੀ ਕਿਸ਼ਨ ਬਾਜਪਾਈ ਨੂੰ ਤਾਇਨਾਤ ਕੀਤਾ ਗਿਆ ਹੈ।
ਦੱਸ ਦੇਈਏ ਕਿ ਅਭਿਸ਼ੇਕ ਸਿੰਘ ਉੱਤਰ ਪ੍ਰਦੇਸ਼ ਕੇਡਰ ਦੇ ਆਈਏਐਸ ਅਧਿਕਾਰੀ ਹਨ। ਉਹ ਆਪਣੀ ਅਦਾਕਾਰੀ ਲਈ ਵੀ ਮਸ਼ਹੂਰ ਹੈ। ਅਭਿਸ਼ੇਕ ਨੇ ਹਾਲ ਹੀ 'ਚ ਨੈੱਟਫਲਿਕਸ ਦੀ ਮਸ਼ਹੂਰ ਵੈੱਬ ਸੀਰੀਜ਼ 'ਦਿੱਲੀ ਕ੍ਰਾਈਮ' ਦੇ ਸੀਜ਼ਨ 2 'ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕਈ ਗੀਤਾਂ ਵਿਚ ਵੀ ਅਦਾਕਾਰੀ ਕੀਤੀ ਹੈ। ਅਭਿਸ਼ੇਕ ਸਿੰਘ ਨੇ ਕਈ ਵੈੱਬ ਸੀਰੀਜ਼ ਅਤੇ ਟੀਵੀ ਸੀਰੀਅਲਾਂ ਵਿਚ ਕੰਮ ਕੀਤਾ ਹੈ।