
ਬੰਬ ਧਮਾਕੇ ਦੀ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਸੂਬਾ ਕਾਂਗਰਸ ਸਕੱਤਰ ਨੀਲਾਭ ਸ਼ੁਕਲਾ ਨੇ ਮੰਗ ਕੀਤੀ ਕਿ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ
ਇੰਦੌਰ: ਰਾਹੁਲ ਗਾਂਧੀ ਦੀ ਅਗਵਾਈ ’ਚ ਚੱਲ ਰਹੀ 'ਭਾਰਤ ਜੋੜੋ ਯਾਤਰਾ' ਵੱਲੋਂ 28 ਨਵੰਬਰ ਦੀ ਰਾਤ ਸੰਭਾਵੀ ਤੌਰ ’ਤੇ ਇੰਦੌਰ ਦੇ ਖਾਲਸਾ ਸਟੇਡੀਅਮ ਵਿਚ ਰੁਕਣ ਸਮੇਂ ਸ਼ਹਿਰ ਵਿਚ ਬੰਬ ਵਿਸਫੋਟ ਦੀ ਧਮਕੀ ਦਿੱਤੀ ਗਈ ਹੈ। ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੱਤਰ ਰਾਹੀਂ ਦਿੱਤੀ ਗਈ ਇਸ ਧਮਕੀ ’ਤੇ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਪੁਲਿਸ ਕਮਿਸ਼ਨਰ ਹਰੀਨਾਰਾਇਣਚਾਰੀ ਮਿਸ਼ਰਾ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜੂਨੀ ਇੰਦੌਰ ਇਲਾਕੇ 'ਚ ਇਕ ਮਿਠਾਈ-ਨਮਕੀਨ ਦੀ ਦੁਕਾਨ ਦੇ ਪਤੇ 'ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਭੇਜੇ ਗਏ ਪੱਤਰ 'ਚ ਧਮਕੀ ਦਿੱਤੀ ਗਈ ਹੈ ਕਿ ਜੇਕਰ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਯਾਤਰਾ ਖਾਲਸਾ ਸਟੇਡੀਅਮ 'ਚ ਰਾਤ ਰੁਕਦੀ ਹੈ ਤਾਂ ਸ਼ਹਿਰ ਵਿਚ ਬੰਬ ਧਮਾਕੇ ਹੋ ਸਕਦੇ ਹਨ। ਮਿਸ਼ਰਾ ਨੇ ਕਿਹਾ, "ਪੱਤਰ ਵਿਚ ਰਾਹੁਲ ਗਾਂਧੀ ਨੂੰ ਬੰਬ ਨਾਲ ਉਡਾਉਣ ਦੀ ਕੋਈ ਸਿੱਧੀ ਗੱਲ ਨਹੀਂ ਹੈ।" ਇਸ ਪੱਤਰ ਵਿਚ 1984 ਸਿੱਖ ਨਸਲਕੁਸ਼ੀ ਦੇ ਮੁਲਜ਼ਮ ਕਮਲਨਾਥ ਨੂੰ ਮਾਰਨ ਦੀ ਵੀ ਧਮਕੀ ਦਿੱਤੀ ਗਈ ਹੈ।
ਪੱਤਰ ਵਿਚ ਲਿਖਿਆ ਹੈ, “1984 ਵਿਚ ਪੂਰੇ ਦੇਸ਼ ਵਿਚ ਭਿਆਨਕ ਦੰਗੇ ਹੋਏ। ਕਿਸੇ ਪਾਰਟੀ ਨੇ ਇਸ ਜ਼ੁਲਮ ਖ਼ਿਲਾਫ਼ ਆਵਾਜ਼ ਨਹੀਂ ਚੁੱਕੀ। ਨਵੰਬਰ ਵਿਚ ਇੰਦੌਰ ਵਿਚ ਥਾਂ-ਥਾਂ ਧਮਾਕੇ ਹੋਣਗੇ। ਬਹੁਤ ਜਲਦ ਰਾਹੁਲ ਗਾਂਧੀ ਦੀ ਇੰਦੌਰ ਯਾਤਰਾ ਸਮੇਂ ਕਮਲਨਾਥ ਨੂੰ ਵੀ ਗੋਲੀ ਮਾਰ ਦਿੱਤੀ ਜਾਵੇਗੀ। ਰਾਹੁਲ ਗਾਂਧੀ ਨੂੰ ਵੀ ਰਾਜੀਵ ਗਾਂਧੀ ਕੋਲ ਭੇਜ ਦਿੱਤਾ ਜਾਵੇਗਾ”। ਉਹਨਾਂ ਦੱਸਿਆ ਕਿ ਇਸ ਪੱਤਰ ਦੇ ਆਧਾਰ ’ਤੇ ਪੁਲਿਸ ਨੇ ਧਾਰਾ 507 (ਅਣਪਛਾਤੇ ਵਿਅਕਤੀ ਵੱਲੋਂ ਅਪਰਾਧਿਕ ਧਮਕੀ) ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ, “ਅਸੀਂ ਪੱਤਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸਾਨੂੰ ਸ਼ੱਕ ਹੈ ਕਿ ਇਹ ਹਰਕਤ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਹੈ।''
ਬੰਬ ਧਮਾਕੇ ਦੀ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਸੂਬਾ ਕਾਂਗਰਸ ਸਕੱਤਰ ਨੀਲਾਭ ਸ਼ੁਕਲਾ ਨੇ ਮੰਗ ਕੀਤੀ ਕਿ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਇੰਦੌਰ 'ਚ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ। ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇੰਦੌਰ ਦੇ ਖਾਲਸਾ ਸਟੇਡੀਅਮ ਵਿਚ ਕਰਵਾਏ ਗਏ ਸਮਾਗਮ ਦੌਰਾਨ 1984 ਨਸਲਕੁਸ਼ੀ ਦੇ ਮੁਲਜ਼ਮ ਕਮਲਨਾਥ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਪ੍ਰਸਿੱਧ ਰਾਗੀ ਮਨਪ੍ਰੀਤ ਸਿੰਘ ਕਾਨਪੁਰੀ ਨੇ ਸਟੇਜ ਤੋਂ ਹੀ ਸਮਾਗਮ ਦੇ ਪ੍ਰਬੰਧਕਾਂ ਨੂੰ ਫਿਟਕਾਰ ਵੀ ਲਗਾਈ ਸੀ।