ਈ.ਡੀ. ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਦੋਸ਼ ਹੇਠ ਜਾਵੇਦ ਅਹਿਮਦ ਸਿੱਦੀਕੀ ਉਤੇ ਕੀਤੀ ਕਾਰਵਾਈ
ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.ਡੀ.) ਨੇ ਲਾਲ ਕਿਲ੍ਹੇ ਨੇੜੇ ਕਾਰ ਧਮਾਕੇ ਮਾਮਲੇ ਦੀ ਜਾਂਚ ਦੇ ਕੇਂਦਰ ’ਚ ਰਹੀ ਫਰੀਦਾਬਾਦ ਸਥਿਤ ਅਲ ਫਲਾਹ ਯੂਨੀਵਰਸਿਟੀ ਦੇ ਚੇਅਰਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਦਿਨ ਭਰ ’ਵਰਸਿਟੀ ਦੇ ਟਰੱਸਟੀਆਂ ਅਤੇ ਪ੍ਰਮੋਟਰਾਂ ਵਿਰੁਧ ਦਿੱਲੀ-ਐਨ.ਸੀ.ਆਰ. ’ਚ ਛਾਪੇਮਾਰੀ ਜਾਰੀ ਰਹੀ।
ਅਧਿਕਾਰੀਆਂ ਨੇ ਦਸਿਆ ਕਿ ਸਿੱਦੀਕੀ ਨੂੰ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨਾ) ਰੋਕੂ ਐਕਟ (ਪੀ.ਐੱਮ.ਐੱਲ.ਏ.) ਦੀਆਂ ਅਪਰਾਧਕ ਧਾਰਾਵਾਂ ਤਹਿਤ ਹਿਰਾਸਤ ’ਚ ਲਿਆ ਗਿਆ ਹੈ ਅਤੇ ਉਸ ਨੂੰ ਰਿਮਾਂਡ ਲਈ ਸਮਰੱਥ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਏਜੰਸੀ ਨੇ ਸਵੇਰੇ ਕਰੀਬ 5:15 ਵਜੇ ਸ਼ੁਰੂ ਹੋਈ ਤਲਾਸ਼ੀ ਦੌਰਾਨ 48 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਹੈ। ਫੈਡਰਲ ਜਾਂਚ ਏਜੰਸੀ ਦੀਆਂ ਕਈ ਟੀਮਾਂ ਨੇ ਅਲ ਫਲਾਹ ਟਰੱਸਟ ਅਤੇ ਯੂਨੀਵਰਸਿਟੀ ਸਥਾਪਨਾ ਦੇ ਘੱਟੋ-ਘੱਟ 25 ਟਿਕਾਣਿਆਂ ਉਤੇ ਛਾਪਾ ਮਾਰਿਆ। ਏਜੰਸੀ ਦੇ ਅਧਿਕਾਰੀਆਂ ਨੇ ਦਿੱਲੀ ਦੇ ਓਖਲਾ ਖੇਤਰ ਵਿਚ ਇਕ ਦਫ਼ਤਰ ਉਤੇ ਵੀ ਛਾਪਾ ਮਾਰਿਆ, ਜਿਸ ਵਿਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਵਲੋਂ ਸੁਰੱਖਿਆ ਘੇਰਾਬੰਦੀ ਕੀਤੀ ਜਾ ਰਹੀ ਸੀ।
10 ਨਵੰਬਰ ਨੂੰ ਦਿੱਲੀ ਦੇ ਮਸ਼ਹੂਰ ਸਮਾਰਕ ਨੇੜੇ ਹੋਏ ਧਮਾਕੇ ਵਿਚ 15 ਲੋਕ ਮਾਰੇ ਗਏ ਸਨ ਅਤੇ ਯੂਨੀਵਰਸਿਟੀ ਅਤੇ ਕਸ਼ਮੀਰ ਵਿਚ ਜੁੜੇ ਕਈ ਡਾਕਟਰਾਂ ਦੀ ਭੂਮਿਕਾ ਅਤਿਵਾਦ ਰੋਕੂ ਜਾਂਚ ਏਜੰਸੀਆਂ ਦੇ ਘੇਰੇ ਵਿਚ ਹੈ।
ਇਹ ਕਾਰਵਾਈ ਵਿੱਤੀ ਬੇਨਿਯਮੀਆਂ, ਸ਼ੈੱਲ ਕੰਪਨੀਆਂ ਦੀ ਵਰਤੋਂ, ਰਿਹਾਇਸ਼ੀ ਸੰਸਥਾਵਾਂ ਅਤੇ ਮਨੀ ਲਾਂਡਰਿੰਗ ਦੀ ਚੱਲ ਰਹੀ ਜਾਂਚ ਦਾ ਹਿੱਸਾ ਹੈ। ਈ.ਡੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਅਲ-ਫਲਾਹ ਟਰੱਸਟ ਅਤੇ ਸਬੰਧਤ ਸੰਸਥਾਵਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀ ਨੇ ਕਿਹਾ ਕਿ ਟਰੱਸਟ ਅਤੇ ਯੂਨੀਵਰਸਿਟੀ ਦੇ ਵਿੱਤ ਅਤੇ ਪ੍ਰਸ਼ਾਸਨ ਦੀ ਨਿਗਰਾਨੀ ਕਰਨ ਵਾਲੇ ‘ਪ੍ਰਮੁੱਖ’ ਕਰਮਚਾਰੀਆਂ ਨੂੰ ਵੀ ਛਾਪੇਮਾਰੀ ਵਿਚ ਸ਼ਾਮਲ ਕੀਤਾ ਗਿਆ ਹੈ।
ਏਜੰਸੀ ਨੇ ਇਸ ਮਾਮਲੇ ਵਿਚ ਐਨ.ਆਈ.ਏ. ਅਤੇ ਦਿੱਲੀ ਪੁਲਿਸ ਵਲੋਂ ਦਾਇਰ ਕੀਤੀ ਗਈ ਐਫ.ਆਈ.ਆਰ. ਰੀਪੋਰਟਾਂ ਦਾ ਨੋਟਿਸ ਲਿਆ ਹੈ। ਐਨ.ਆਈ.ਏ. ਨੇ ਹੁਣ ਤਕ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਆਤਮਘਾਤੀ ਹਮਲਾਵਰ ਡਾ. ਉਮਰ ਨਬੀ ਦੇ ਕਥਿਤ ਕਰੀਬੀ ਸਹਿਯੋਗੀ ਦੱਸੇ ਗਏ ਹਨ।
ਅਧਿਕਾਰੀਆਂ ਮੁਤਾਬਕ ਸਮੂਹ ਨਾਲ ਜੁੜੀਆਂ ਘੱਟੋ-ਘੱਟ ਨੌਂ ਨਕਲੀ ਕੰਪਨੀਆਂ ਇਕ ਪਤੇ ਉਤੇ ਰਜਿਸਟਰਡ ਹਨ। ਅਲ ਫਲਾਹ ਯੂਨੀਵਰਸਿਟੀ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਧੌਜ ਖੇਤਰ ਵਿਚ ਸਥਿਤ ਹੈ, ਅਤੇ ਇਹ ਇਕ ਮੈਡੀਕਲ ਕਾਲਜ-ਕਮ-ਹਸਪਤਾਲ ਹੈ।
ਆਤਮਘਾਤੀ ਹਮਲਾਵਰ ਦੇ ਸਾਥੀ ਦਿੱਲੀ ਦੀ ਅਦਾਲਤ ਨੇ 10 ਦਿਨਾਂ ਦੀ ਹਿਰਾਸਤ ’ਚ ਭੇਜਿਆ
ਦਿੱਲੀ ਦੀ ਇਕ ਅਦਾਲਤ ਨੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਧਮਾਕੇ ’ਚ ਹੋਏ 15 ਲੋਕਾਂ ਦੀ ਮੌਤ ਦੇ ਮਾਮਲੇ ’ਚ ਆਤਮਘਾਤੀ ਹਮਲਾਵਰ ਉਮਰ ਉਨ ਨਬੀ ਦੇ ਸਰਗਰਮ ਸਹਿ-ਸਾਜ਼ਸ਼ਕਰਤਾ ਜਸੀਰ ਬਿਲਾਲ ਨੂੰ 10 ਦਿਨਾਂ ਦੀ ਹਿਰਾਸਤ ’ਚ ਭੇਜ ਦਿਤਾ ਹੈ। ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਨੇ ਮੁਲਜ਼ਮਾਂ ਦੀ ਹਿਰਾਸਤ ਵਿਚ ਪੁੱਛ-ਪੜਤਾਲ ਦੀ ਮੰਗ ਕਰਨ ਵਾਲੀ ਐਨ.ਆਈ.ਏ. ਦੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿਤੀ। ਪੱਤਰਕਾਰਾਂ ਨੂੰ ਅਦਾਲਤ ਦੇ ਅਹਾਤੇ ਵਿਚ ਦਾਖਲ ਹੋਣ ਤੋਂ ਰੋਕ ਦਿਤਾ ਗਿਆ। ਅਦਾਲਤ ਦੇ ਵਿਹੜੇ ਵਿਚ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਦੀ ਭਾਰੀ ਤਾਇਨਾਤੀ ਕੀਤੀ ਸੀ। ਅਦਾਲਤ ਨੇ ਸੋਮਵਾਰ ਨੂੰ ਵੀ ਇਸ ਮਾਮਲੇ ਦੇ ਇਕ ਹੋਰ ਮੁਲਜ਼ਮ ਆਮਿਰ ਰਾਸ਼ਿਦ ਅਲੀ ਨੂੰ 10 ਦਿਨਾਂ ਲਈ ਐਨ.ਆਈ.ਏ. ਦੀ ਹਿਰਾਸਤ ਵਿਚ ਭੇਜ ਦਿਤਾ ਸੀ। ਏਜੰਸੀ ਨੇ ਅਦਾਲਤ ਨੂੰ ਦਸਿਆ ਸੀ ਕਿ ਆਮਿਰ ਨੇ ਕਥਿਤ ਤੌਰ ਉਤੇ ਇਕ ਸੁਰੱਖਿਅਤ ਘਰ ਦਾ ਪ੍ਰਬੰਧ ਕੀਤਾ ਅਤੇ ਨਬੀ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ।
ਆਤਮਘਾਤੀ ਹਮਲਾਵਰ ਦੇ ਫੋਨ ਵਿਚੋਂ ਮਿਲੀ ਆਤਮਘਾਤੀ ਹਮਲੇ ਦੀ ਵਡਿਆਈ ਕਰਨ ਵਾਲੀ ਵੀਡੀਉ
ਜੰਮੂ-ਕਸ਼ਮੀਰ ਪੁਲਿਸ ਨੇ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਡਾ. ਉਮਰ-ਉਨ-ਨਬੀ ਦਾ ਇਕ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਸ ਵਿਚੋਂ ਪ੍ਰਾਪਤ ਕੀਤੇ ਗਏ ਡਾਟਾ ਤੋਂ ਇਹ ਸਬੂਤ ਮਿਲੇ ਹਨ ਕਿ ਉਸ ਨੇ ਆਤਮਘਾਤੀ ਹਮਲੇ ਨੂੰ ‘ਸ਼ਹੀਦ ਆਪਰੇਸ਼ਨ’ ਵਜੋਂ ਜਾਇਜ਼ ਠਹਿਰਾਉਣ ਵਾਲਾ ਇਕ ਵੀਡੀਉ ਵੀ ਤਿਆਰ ਕੀਤਾ ਸੀ।
ਅਧਿਕਾਰੀਆਂ ਨੇ ਮੰਗਲਵਾਰ ਨੂੰ ਦਸਿਆ ਕਿ ਵਿਸਫੋਟਕ ਨਾਲ ਭਰੀ ਕਾਰ ਚਲਾ ਰਹੇ ਉਮਰ ਦੇ ਭਰਾ ਜ਼ਹੂਰ ਇਲਾਹੀ ਦੀ ਹਿਰਾਸਤ ਅਤੇ ਉਸ ਤੋਂ ਬਾਅਦ ਪੁੱਛ-ਪੜਤਾਲ ਤੋਂ ਬਾਅਦ ਮਹੱਤਵਪੂਰਨ ਸਬੂਤ ਮਿਲੇ ਹਨ। ਇਲਾਹੀ ਨੂੰ ਸੀਨੀਅਰ ਪੁਲਿਸ ਕਪਤਾਨ (ਸ੍ਰੀਨਗਰ) ਜੀ.ਵੀ. ਸੰਦੀਪ ਚੱਕਰਵਰਤੀ ਵਲੋਂ ਬਣਾਈ ਗਈ ਇਕ ਵਿਸ਼ੇਸ਼ ਟੀਮ ਨੇ ਉਦੋਂ ਹੀ ਚੁੱਕ ਲਿਆ ਸੀ ਜਦੋਂ ਅਤਿਵਾਦੀ ਮਾਡਿਊਲ ਦੀ ਸਾਰੀ ਸਾਜ਼ਸ਼ ਦਾ ਪਰਦਾਫਾਸ਼ ਹੋਣਾ ਸ਼ੁਰੂ ਹੋਇਆ ਸੀ।
ਅਧਿਕਾਰੀਆਂ ਨੇ ਦਸਿਆ ਕਿ ਸ਼ੁਰੂ ਵਿਚ ਅਨਜਾਣ ਬਣਨ ਦਾ ਵਿਖਾਵਾ ਕਰਦੇ ਹੋਏ, ਇਲਾਹੀ ਨੇ ਆਖਰਕਾਰ ਲਗਾਤਾਰ ਪੁੱਛ-ਪੜਤਾਲ ਤੋਂ ਬਾਅਦ ਦਸਿਆ ਕਿ ਉਮਰ 26 ਤੋਂ 29 ਅਕਤੂਬਰ ਦੇ ਵਿਚਕਾਰ ਕਸ਼ਮੀਰ ਘਾਟੀ ਵਿਚ ਸੀ। ਉਸ ਨੇ ਉਸ ਨੂੰ ਸਪੱਸ਼ਟ ਹਦਾਇਤਾਂ ਦੇ ਨਾਲ ਮੋਬਾਈਲ ਫੋਨ ਸੌਂਪਿਆ ਸੀ ਕਿ ਜੇ ਉਸ ਬਾਰੇ ਕੋਈ ਖ਼ਬਰ ਸਾਹਮਣੇ ਆਈ ਤਾਂ ਉਹ ਇਸ ਨੂੰ ‘ਪਾਣੀ ਵਿਚ ਸੁੱਟ ਦੇਵੇ’।
ਇਸ ਤੋਂ ਬਾਅਦ ਇਲਾਹੀ ਪੁਲਿਸ ਟੀਮ ਨੂੰ ਉਸ ਥਾਂ ਉਤੇ ਲੈ ਗਿਆ ਜਿਥੇ ਉਸ ਨੇ ਮੋਬਾਈਲ ਸੁਟਿਆ ਸੀ। ਹਾਲਾਂਕਿ ਹੈਂਡਸੈੱਟ ਨੂੰ ਨੁਕਸਾਨ ਪਹੁੰਚਿਆ ਸੀ, ਪਰ ਫੋਰੈਂਸਿਕ ਮਾਹਰ ਮਹੱਤਵਪੂਰਣ ਡੇਟਾ ਕੱਢਣ ਵਿਚ ਕਾਮਯਾਬ ਰਹੇ, ਜੋ ਹਿੰਸਕ ਕੱਟੜਪੰਥੀ ਸਮੱਗਰੀ ਦੇ ਸੰਪਰਕ ਵਿਚ ਆਉਣ ਨਾਲ ਉਮਰ ਦੇ ਡੂੰਘੇ ਕੱਟੜਪੰਥੀ ਹੋਣ ਦਾ ਜ਼ੋਰਦਾਰ ਸੰਕੇਤ ਦਿੰਦਾ ਹੈ, ਜਿਸ ਵਿਚ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ (ਆਈ.ਐਸ.ਆਈ.ਐਸ.) ਅਤੇ ਅਲ-ਕਾਇਦਾ ਵਲੋਂ ਆਤਮਘਾਤੀ ਬੰਬ ਧਮਾਕਿਆਂ ਨਾਲ ਸਬੰਧਤ ਕੱਟੜਪੰਥੀ ਵੀਡੀਉ ਵੇਖਣਾ ਸ਼ਾਮਲ ਸੀ।
ਉਮਰ ਨੇ ਆਤਮਘਾਤੀ ਹਮਲੇ ਬਾਰੇ ਗੱਲ ਕਰਦੇ ਹੋਏ ਅਪਣੇ ਵੱਖ-ਵੱਖ ਵੀਡੀਉ ਵੀ ਬਣਾਏ ਸਨ ਅਤੇ ਦਾਅਵਾ ਕੀਤਾ ਸੀ ਕਿ ਅਜਿਹੀਆਂ ਕਾਰਵਾਈਆਂ ਧਰਮ ਵਿਚ ਸੱਭ ਤੋਂ ਵੱਧ ਪ੍ਰਸ਼ੰਸਾਯੋਗ ਕਾਰਵਾਈਆਂ ’ਚੋਂ ਇਕ ਸਨ। ਉਮਰ ਦੀ ਲਗਭਗ ਦੋ ਮਿੰਟ ਦੀ ਵੀਡੀਉ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਫੋਨ ਹੋਰ ਵਿਸ਼ਲੇਸ਼ਣ ਲਈ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੂੰ ਸੌਂਪ ਦਿਤਾ ਗਿਆ ਹੈ, ਐਨ.ਆਈ.ਏ. ਜਲਦੀ ਹੀ ਭਰਾ ਨੂੰ ਹਿਰਾਸਤ ਵਿਚ ਲੈ ਲਵੇਗੀ।
ਪੁਲਵਾਮਾ ਦੇ 28 ਸਾਲ ਦੇ ਡਾਕਟਰ ਉਮਰ ਨੂੰ ਕਸ਼ਮੀਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਫੈਲੇ ਨੈਟਵਰਕ ਵਿਚ ਸੱਭ ਤੋਂ ਕੱਟੜਪੰਥੀ ਅਤੇ ਮੁੱਖ ਕਾਰਕੁੰਨ ਮੰਨਿਆ ਜਾਂਦਾ ਹੈ। ਕਾਰ ਧਮਾਕੇ ਦੇ ਸਬੂਤਾਂ ਅਤੇ ਬਿਆਨਾਂ ਨੂੰ ਇਕੱਠਾ ਕਰਦੇ ਹੋਏ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਉਮਰ 6 ਦਸੰਬਰ ਨੂੰ ਬਾਬਰੀ ਮਸਜਿਦ ਢਾਹੁਣ ਦੀ ਵਰ੍ਹੇਗੰਢ ਦੇ ਨੇੜੇ ਇਕ ਸ਼ਕਤੀਸ਼ਾਲੀ ਵਾਹਨ ਨਾਲ ਚੱਲਣ ਵਾਲੇ ਬੰਬ ਧਮਾਕੇ ਦੀ ਯੋਜਨਾ ਬਣਾ ਰਿਹਾ ਸੀ।
ਦੱਸਣਯੋਗ ਹੈ ਕਿ 19 ਅਕਤੂਬਰ ਨੂੰ ਸ਼੍ਰੀਨਗਰ ਦੇ ਬੂਨਪੋਰਾ ’ਚ ਜੈਸ਼-ਏ-ਮੁਹੰਮਦ ਦੇ ਪੋਸਟਰ ਲੱਗਣ ਤੋਂ ਬਾਅਦ ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਸੀ। ਸ੍ਰੀਨਗਰ ਪੁਲਿਸ ਦੀ ਜਾਂਚ ਸੀ.ਸੀ.ਟੀ.ਵੀ. ਫੁਟੇਜ ਦੀ ਸਮੀਖਿਆ ਨਾਲ ਸ਼ੁਰੂ ਹੋਈ, ਜਿਸ ਦੇ ਨਤੀਜੇ ਵਜੋਂ ਤਿੰਨ ਸਥਾਨਕ ਲੋਕਾਂ ਨੂੰ ਪਹਿਲਾਂ ਪੱਥਰਬਾਜ਼ੀ ਦੇ ਮਾਮਲਿਆਂ ਵਿਚ ਗਿ੍ਰਫਤਾਰ ਕੀਤਾ ਗਿਆ।
ਡਾ. ਨਿਸਾਰ ਦੀ ਪਤਨੀ ਅਤੇ ਧੀ ਅਲਫਲਾਹ ਯੂਨੀਵਰਸਿਟੀ ਵਿਚ ਨਜ਼ਰਬੰਦ, 10 ਐਮਬੀਬੀਐਸ ਵਿਦਿਆਰਥੀਆਂ ਦੇ ਮੋਬਾਈਲ ਫੋਨ ਜ਼ਬਤ
ਦਿੱਲੀ ਬੰਬ ਧਮਾਕੇ ਤੋਂ ਬਾਅਦ ਜਾਂਚ ਏਜੰਸੀਆਂ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਉਤੇ ਸ਼ਿਕੰਜਾ ਕੱਸ ਰਹੀਆਂ ਹਨ। ਜਾਂਚ ਏਜੰਸੀਆਂ ਨੇ ਅਤਿਵਾਦੀ ਮਾਡਿਊਲ ਨਾਲ ਜੁੜੇ ਡਾਕਟਰ ਨਿਸਾਰ-ਉਲ-ਹਸਨ ਦੀ ਡਾਕਟਰ ਪਤਨੀ ਅਤੇ ਯੂਨੀਵਰਸਿਟੀ ਕੈਂਪਸ ਵਿਚ ਹੀ ਐਮ.ਬੀ.ਬੀ.ਐਸ. ਕਰਨ ਵਾਲੀ ਉਨ੍ਹਾਂ ਦੀ ਧੀ ਨੂੰ ਘਰ ਅੰਦਰ ਨਜ਼ਰਬੰਦ ਕਰ ਦਿਤਾ ਹੈ। ਇਸ ਤੋਂ ਇਲਾਵਾ 10 ਹੋਰ ਐਮ.ਬੀ.ਬੀ.ਐਸ. ਵਿਦਿਆਰਥੀਆਂ ਦੇ ਯੂਨੀਵਰਸਿਟੀ ਕੈਂਪਸ ਤੋਂ ਬਾਹਰ ਜਾਣ ਉਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੇ ਮੋਬਾਈਲ ਜਾਂਚ ਏਜੰਸੀਆਂ ਕੋਲ ਹਨ। ਮੋਬਾਈਲ ਕਾਲ ਵੇਰਵਿਆਂ ਦੀ ਰੀਕਾਰਡਿੰਗ ਅਤੇ ਹੋਰ ਡੇਟਾ ਦੀ ਜਾਂਚ ਕੀਤੀ ਜਾ ਰਹੀ ਹੈ। ਡਾ. ਨਾਸਰ ਹਸਨ ਅਲ-ਫਲਾਹ ਯੂਨੀਵਰਸਿਟੀ ਦੇ ਮੈਡੀਸਨ ਵਿਭਾਗ ਵਿਚ ਪ੍ਰੋਫੈਸਰ ਹੈ। ਉਹ ਡਾ. ਉਮਰ ਨਬੀ, ਡਾ. ਮੁਜ਼ੱਮਿਲ ਸ਼ਕੀਲ ਅਤੇ ਡਾ. ਸ਼ਾਹੀਨ ਸਈਦ ਦੇ ਸੰਪਰਕ ਵਿਚ ਸੀ, ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਦੇ ਸਾਹਮਣੇ ਬੰਬ ਧਮਾਕੇ ਵਿਚ ਅਪਣੇ ਆਪ ਨੂੰ ਉਡਾ ਦਿਤਾ ਸੀ। 10 ਨਵੰਬਰ ਨੂੰ ਦਿੱਲੀ ਧਮਾਕੇ ਤੋਂ ਬਾਅਦ ਡਾਕਟਰ ਨਾਸਿਰ ਫਰਾਰ ਹੋ ਗਿਆ ਸੀ। ਬਾਅਦ ਵਿਚ ਉਸ ਨੂੰ ਪਛਮੀ ਬੰਗਾਲ ਤੋਂ ਜਾਂਚ ਏਜੰਸੀਆਂ ਨੇ ਗਿ੍ਰਫਤਾਰ ਕਰ ਲਿਆ।
