
'CM ਚੰਨੀ ਦੇ ਰੇਤ ਮਾਫ਼ੀਆ ਨਾਲ ਸਬੰਧ ਦੱਸੇ ਜਾ ਰਹੇ ਹਨ ਤੁਸੀਂ ਚੁੱਪ ਕਿਉਂ ਹੋ?'
ਨਵੀਂ ਦਿੱਲੀ - ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਟਵੀਟ ਕਰ ਕੇ ਘੇਰਿਆ ਹੈ। ਕੇਜਰੀਵਾਲ ਨੇ ਰੇਤ ਮਾਫ਼ੀਆ ਦੇ ਬਹਾਨੇ ਸਿੱਧੂ ਦੀ ਚੁੱਪੀ 'ਤੇ ਸਵਾਲ ਚੁੱਕੇ ਹਨ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਅਖਬਾਰਾਂ/ਟੀਵੀ ਵਾਲਿਆਂ ਨੇ ਤੁਹਾਡੇ ਮੁੱਖ ਮੰਤਰੀ ਦੇ ਹਲਕੇ ਵਿਚ ਰੇਤ ਦੀ ਚੋਰੀ ਫੜੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸੀਐਮ ਦੇ ਰੇਤ ਮਾਫੀਆ ਨਾਲ ਸਬੰਧ ਹਨ। ਸੀ.ਐਮ ਕੋਈ ਐਕਸ਼ਨ ਨਹੀਂ ਲੈ ਰਹੇ। ਬਾਦਲ ਜੀ ਅਤੇ ਕੈਪਟਨ ਸਾਹਿਬ ਦੋਵੇਂ ਚੁੱਪ ਹਨ। ਤੁਸੀਂ ਵੀ ਚੁੱਪ ਹੋ। ਕਿਉਂ? ਸੀਐਮ ਤੋਂ ਲੈ ਕੇ ਹੇਠਾਂ ਤੱਕ ਰੇਤ ਚੋਰੀ ਹੋ ਰਹੀ ਹੈ, ਇਸ ਨੂੰ ਰੋਕੋਗੇ ਤਾਂ 20 ਹਜ਼ਾਰ ਕਰੋੜ ਰੁਪਏ ਆ ਜਾਣਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਉਹ ਮੁਫ਼ਤ ਦੇ ਐਲਾਨਾਂ ਨੂੰ ਕਿਵੇਂ ਪੂਰਾ ਕਰਨਗੇ। ਸਿੱਧੂ ਨੇ ਕਿਹਾ ਸੀ ਕਿ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੋ। ਪੰਜਾਬੀਆਂ ਨੂੰ ਕਮਾਈ ਚਾਹੀਦੀ ਹੈ, ਭੀਖ ਨਹੀਂ। ਆਪਣੇ ਪੰਜਾਬ ਮਾਡਲ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ ਸੀ ਕਿ ਇਸ ਨਾਲ ਪੰਜਾਬੀਆਂ ਨੂੰ ਆਮਦਨ ਦੇ ਹੋਰ ਮੌਕੇ ਮਿਲਣਗੇ।