ਮੁੱਖ ਮੰਤਰੀ ਫੜਨਵੀਸ ਤੇ ਸੰਤ ਗਿ.ਹਰਨਾਮ ਸਿੰਘ ਖਾਲਸਾ ਨੇ ਵਫ਼ਦ ਭੇਜ ਸ੍ਰੀ ਹਜ਼ੂਰ ਸਾਹਿਬ ਆਉਣ ਦਾ ਦਿੱਤਾ ਸੱਦਾ
ਨਵੀਂ ਦਿੱਲੀ:‘ਹਿੰਦ ਦੀ ਚਾਦਰ’ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ 24 ਤੇ 25 ਜਨਵਰੀ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਂਰਾਸ਼ਟਰ ਵਿਖੇ ਰਾਜ ਪੱਧਰੀ ਹੋ ਰਹੇ ਦੋ ਦਿਨਾਂ ਸ਼ਤਾਬਦੀ ਸਮਾਗਮਾਂ ‘ਚ ਸ਼ਾਮਿਲ ਹੋਣ ਲਈ ਕੇਂਦਰੀ ਗ੍ਰਹਿ ਅਮਿਤ ਸ਼ਾਹ ਨੂੰ ਵਿਸ਼ੇਸ਼ ਤੌਰ ‘ਤੇ ਅੱਜ ਸੱਦਾ-ਪੱਤਰ ਦਿੱਤਾ ਗਿਆ।ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਸ਼ਹੀਦੀ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਵੱਲੋਂ ਭੇਜਿਆ ਗਿਆ ਇਹ ਸੱਦਾ ਪੱਤਰ ਮਹਾਂਰਾਸ਼ਟਰ ਤੋਂ ਦਿੱਲੀ ਆਏ ਵਫਦ ਨੇ ਪੂਰੇ ਸਨਮਾਨ ਨਾਲ ਗ੍ਰਹਿ ਮੰਤਰੀ ਨੂੰ ਸੌਪਿਆ ਅਤੇ ਸ਼ਤਾਬਦੀ ਸਮਾਗਮਾਂ ‘ਚ ਆਪਣੀ ਸ਼ਮੂਲੀਅਤ ਨੂੰ ਲਾਜ਼ਮੀ ਬਣਾਉਣ ਦੀ ਸਨਿਮਰ ਬੇਨਤੀ ਕੀਤੀ।
ਗ੍ਰਹਿ ਮੰਤਰੀ ਸ਼ਾਹ ਨੇ ਆਏ ਵਫਦ ਦਾ ਸਵਾਗਤ ਕਰਦੇ ਹੋਏ ਪੂਰਾ ਸਤਿਕਾਰ ਤੇ ਪਿਆਰ ਨਾਲ ਇਹ ਸੱਦਾ ਪੱਤਰ ਕਬੂਲ ਕੀਤਾ ਤੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ‘ਚ ਸ਼ਾਮਿਲ ਹੋਣ ਦਾ ਪੂਰਨ ਭਰੋਸਾ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਅੰਦਰ ਮਿਸਾਲੀ ਹੈ,ਜਿੰਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ ‘ਤੇ ਜ਼ੁਲਮ ਤੇ ਅਨਿਆਂ ਦੇ ਖਿਲਾਫ ਕੁਰਬਾਨੀ ਦੇ ਕੇ ਇਤਿਹਾਸ ਸਿਰਜਿਆ।ਅਜਿਹੇ ਮਹਾਨ ਗੁਰੂ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣਾ ਸਮੁੱਚੀ ਮਨੁੱਖਤਾ ਦਾ ਧਰਮ ਹੈ।ਉਨ੍ਹਾਂ ਕਿਹਾ ਕਿ ਅਜਿਹੇ ਇਤਿਹਾਸਕ ਸਮਾਗਮਾਂ ‘ਚ ਸ਼ਾਮਿਲ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਣਾ ਬੇਹੱਦ ਮਾਣ ਵਾਲੀ ਗੱਲ ਹੈ।ਇਸ ਵਫਦ ਵਿੱਚ ਮੁੱਖ ਮੰਤਰੀ ਮਹਾਰਾਸ਼ਟਰਾ ਰਾਹਤ ਫੰਡ ਦੇ ਇੰਚਾਰਜ ਸ੍ਰੀ ਰਾਮੇਸ਼ਵਰ ਨਾਇਕ,ਚਰਨਦੀਪ ਸਿੰਘ ਹੈਪੀ ਮੈਂਬਰ ਮਨਓਰਟੀ ਕਮਿਸ਼ਨ ਮਹਾਂਰਾਸ਼ਟਰ ਸਰਕਾਰ, ਭਾਈ ਜਸਪਾਲ ਸਿੰਘ ਸਿੱਧੂ ਚੇਅਰਮੈਨ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ, ਵਿਜੇ ਸਤਬੀਰ ਸਿੰਘ ਚੇਅਰਮੈਨ ਸ੍ਰੀ ਹਜੂਰ ਸਾਹਿਬ ਸੱਚਖੰਡ ਬੋਰਡ,ਸੰਤ ਬਾਬੂ ਸਿੰਘ ਮਹਾਰਾਜ ਔਰਾ ਦੇਵੀ ਮਹੰਤ, ਸੰਤ ਰਾਮ ਸਿੰਘ ਮਹਾਰਾਜ ਲੁਬਾਣਾ ਸਮਾਜ ਤੇ ਤੇਜਾ ਸਿੰਘ ਬਾਵਰੀ ਸ਼ਿਕਲੀਗਰ ਸਮਾਜ ਆਦਿ ਮੌਜੂਦ ਸਨ।
