Jharkhand Bus Accident News: 20 ਤੋਂ ਵੱਧ ਲੋਕਾਂ ਦੀ ਹਾਲਤ ਗੰਭੀਰ, ਸਕੂਲ ਬੱਸ ਵਿਚ 86 ਲੋਕ ਸਵਾਰ ਹੋ ਕੇ ਵਿਆਹ 'ਤੇ ਜਾ ਰਹੇ ਸਨ
ਛੱਤੀਸਗੜ੍ਹ-ਝਾਰਖੰਡ ਸਰਹੱਦ 'ਤੇ ਓਰਸਾ ਘਾਟ 'ਤੇ ਇੱਕ ਸਕੂਲ ਬੱਸ ਦੇ ਪਲਟਣ ਨਾਲ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ 78 ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 20 ਤੋਂ ਵੱਧ ਦੀ ਹਾਲਤ ਗੰਭੀਰ ਹੈ। ਗੰਭੀਰ ਜ਼ਖ਼ਮੀਆਂ ਨੂੰ ਗੁਮਲਾ ਅਤੇ ਰਾਂਚੀ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਲਾਤੇਹਾਰ ਜ਼ਿਲ੍ਹੇ ਦੇ ਮਹੂਆਦੰਡ ਥਾਣਾ ਖੇਤਰ ਵਿੱਚ ਵਾਪਰੀ।
ਸਕੂਲ ਦੀ ਬੱਸ ਵਿੱਚ ਸਵਾਰ ਹੋ ਕੇ 85 ਲੋਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ। ਬੱਸ ਓਰਸਾ ਬੰਗਲਾਦਰਾ ਘਾਟੀ ਪਹੁੰਚੀ ਹੀ ਸੀ ਕਿ ਢਲਾਣ 'ਤੇ ਅਚਾਨਕ ਇਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ। ਤੇਜ਼ ਰਫ਼ਤਾਰ ਬੱਸ ਇੱਕ ਦਰੱਖਤ ਨਾਲ ਟਕਰਾ ਗਈ ਅਤੇ 20 ਫੁੱਟ ਡੂੰਘੀ ਖੱਡ ਵਿੱਚ ਪਲਟ ਗਈ। ਹਾਦਸੇ ਵਿੱਚ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਚਾਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਬੱਸ ਡਰਾਈਵਰ ਵਿਕਾਸ ਪਾਠਕ ਨੇ ਕਿਹਾ ਕਿ ਉਸ ਨੂੰ ਹਾਦਸੇ ਤੋਂ ਥੋੜ੍ਹੀ ਦੇਰ ਪਹਿਲਾਂ ਅਹਿਸਾਸ ਹੋਇਆ ਕਿ ਬ੍ਰੇਕ ਕੰਮ ਨਹੀਂ ਕਰ ਰਹੇ ਸਨ। ਉਸ ਨੇ ਸਥਿਤੀ ਨੂੰ ਸੰਭਾਲਣ ਲਈ ਹੈਂਡਬ੍ਰੇਕ ਲਗਾਈ। ਫਿਰ ਉਸ ਨੇ ਇੰਜਣ ਬੰਦ ਕਰ ਦਿੱਤਾ, ਪਰ ਢਲਾਣ ਕਾਰਨ ਬੱਸ ਨੇ ਕੰਟਰੋਲ ਗੁਆ ਦਿੱਤਾ।
ਚਸ਼ਮਦੀਦਾਂ ਅਨੁਸਾਰ ਹਾਦਸਾ ਇੰਨਾ ਗੰਭੀਰ ਸੀ ਕਿ ਬਹੁਤ ਸਾਰੇ ਯਾਤਰੀ ਬੱਸ ਦੇ ਅੰਦਰ ਸੀਟਾਂ ਅਤੇ ਲੋਹੇ ਦੇ ਢਾਂਚੇ ਵਿਚਕਾਰ ਫਸ ਗਏ, ਜਦੋਂ ਕਿ ਕੁਝ ਯਾਤਰੀ ਛਾਲ ਮਾਰ ਕੇ ਸੜਕ ਕਿਨਾਰੇ ਡਿੱਗ ਪਏ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਮਹੂਆਦੰਡ ਪੁਲਿਸ ਮੌਕੇ 'ਤੇ ਪਹੁੰਚ ਗਈ।
