ਕਿਹਾ : ਇਸ ਜਿੱਤ ਦਾ ਸਿਹਰਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਜਾਂਦਾ ਹੈ
ਜਲੰਧਰ : ਮਹਾਰਾਸ਼ਟਰ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੂੰ ਜਾਂਦਾ ਹੈ । ਟਕਸਾਲ ਮੁਖੀ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਿਫ਼ਾਰਸ਼ 'ਤੇ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਸੀ, ਉਨ੍ਹਾਂ ਨੇ ਪ੍ਰਭਾਵਸ਼ਾਲੀ ਜਿੱਤ ਹਾਸਲ ਕੀਤੀ ਹੈ।
ਵਧਾਈ ਸੰਦੇਸ਼ ਟਕਸਾਲ ਮੁਖੀ ਦੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ ਗਿਆ ਸੀ। ਪੋਸਟ ਵਿੱਚ ਲਿਖਿਆ ਸੀ ਕਿ ਮਹਾਰਾਸ਼ਟਰ ਵਿੱਚ ਭਾਜਪਾ ਗੱਠਜੋੜ ਨੇ ਨਗਰ ਨਿਗਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ । ਇਸ ਜਿੱਤ ਦਾ ਸਿਹਰਾ ਦੂਰਦਰਸ਼ੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰ ਸਿੱਖ ਘੱਟਗਿਣਤੀ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਜੇਤੂ ਉਮੀਦਵਾਰ ਮਹਾਰਾਸ਼ਟਰ ਵਰਗੇ ਰਾਜ ਵਿੱਚ ਸਿੱਖਾਂ ਅਤੇ ਹੋਰ ਘੱਟਗਿਣਤੀਆਂ ਦੇ ਮੁੱਦਿਆਂ ਨੂੰ ਸਮਝਦਾਰੀ ਨਾਲ ਹੱਲ ਕਰਨਗੇ।
ਸੰਦੇਸ਼ ਦੇ ਨਾਲ-ਨਾਲ ਛੇ ਸਫਲ ਉਮੀਦਵਾਰਾਂ ਦੀਆਂ ਤਸਵੀਰਾਂ ਅਤੇ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਦੀ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਤਸਵੀਰਾਂ ਵੀ ਪੋਸਟ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਨਵੰਬਰ 2024 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਵੀ ਟਕਸਾਲ ਨੇ ਭਾਜਪਾ ਦੀ ਅਗਵਾਈ ਵਾਲੇ ਮਹਾਂਗੱਠਜੋੜ ਨੂੰ ਸਮਰਥਨ ਦਿੱਤਾ ਸੀ।
