ਮਾਂਗੀ ਲਾਲ ਦੇ ਨਾਂ ’ਤੇ ਹਨ ਤਿੰਨ ਪੱਕੇ ਮਕਾਨ, ਤਿੰਨ ਆਟੋ ਅਤੇ ਇਕ ਕਾਰ
ਇੰਦੌਰ : ਇੰਦੌਰ ਦੀ ਸਰਾਫਾ ਬਾਜ਼ਾਰ ਦੀਆਂ ਗਲੀਆਂ ਵਿੱਚ ਸਾਲਾਂ ਤੋਂ ਭੀਖ ਮੰਗਦੇ ਦਿਖਾਈ ਦੇਣ ਵਾਲੇ ਇੱਕ ਬਜ਼ੁਰਗ ਦੀ ਅਸਲੀਅਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮਹਿਲਾ ਤੇ ਬੱਚਾ ਵਿਕਾਸ ਵਿਭਾਗ ਵੱਲੋਂ ਸ਼ੁਰੂ ਕੀਤੀ ਮੁਹਿੰਮ ਦੌਰਾਨ ਰੈਸਕਿਊ ਕੀਤੇ ਗਏ ਇਸ ਵਿਅਕਤੀ ਦੀ ਪਛਾਣ ਮਾਂਗੀਲਾਲ ਵਜੋਂ ਹੋਈ ਹੈ, ਜੋ ਸੜਕਾਂ ’ਤੇ ਭੀਖ ਮੰਗਦਾ ਸੀ, ਪਰ ਅਸਲ ਵਿੱਚ ਉਸ ਕੋਲ ਕਰੋੜਾਂ ਦੀ ਜਾਇਦਾਦ ਹੈ। ਮਾਂਗੀਲਾਲ ਦੇ ਨਾਂ ’ਤੇ ਤਿੰਨ ਪੱਕੇ ਮਕਾਨ, ਤਿੰਨ ਆਟੋ ਰਿਕਸ਼ਾ ਅਤੇ ਇੱਕ ਡਿਜ਼ਾਇਰ ਕਾਰ ਹੈ, ਜਿਸ ਲਈ ਉਸ ਨੇ ਡਰਾਈਵਰ ਵੀ ਰੱਖਿਆ ਹੋਇਆ ਹੈ। ਰੋਜ਼ਾਨਾ 500 ਤੋਂ 1000 ਰੁਪਏ ਕਮਾਉਣ ਵਾਲੇ ਮਾਂਗੀਲਾਲ ਦੀ ਇਹ ਜਾਇਦਾਦ ਭੀਖ ਦੇ ਪੈਸੇ ਨਾਲ ਹੀ ਬਣੀ ਹੈ, ਜਿਸ ਦਾ ਖੁਲਾਸਾ ਪੁੱਛਗਿੱਛ ਦੌਰਾਨ ਸਾਹਮਣੇ ਆਇਆ।
ਮਾਂਗੀਲਾਲ ਲੱਕੜ ਦੀ ਫਿਸਲਣ ਵਾਲੀ ਗੱਡੀ, ਪਿੱਠ ’ਤੇ ਬੈਗ ਅਤੇ ਹੱਥ ਵਿੱਚ ਜੁੱਤਿਆਂ ਦੇ ਸਹਾਰੇ ਚੁੱਪ-ਚਾਪ ਲੋਕਾਂ ਕੋਲ ਖੜ੍ਹਾ ਹੋ ਜਾਂਦਾ ਸੀ, ਜਿਸ ਨਾਲ ਹਮਦਰਦੀ ਕਾਰਨ ਲੋਕ ਉਸ ਨੂੰ ਪੈਸੇ ਦਿੰਦੇ ਸਨ। ਪੁੱਛਗਿੱਛ ਵਿੱਚ ਮਾਂਗੀਲਾਲ ਨੇ ਕਬੂਲ ਕੀਤਾ ਕਿ ਭੀਖ ਤੋਂ ਕਮਾਏ ਪੈਸੇ ਨੂੰ ਉਹ ਸਰਾਫਾ ਦੇ ਵਪਾਰੀਆਂ ਨੂੰ ਵਿਆਜ ’ਤੇ ਉਧਾਰ ਦਿੰਦਾ ਸੀ। ਬਦਲੇ ਵਿੱਚ ਉਹ ਵਪਾਰੀਆਂ ਤੋਂ ਰੋਜ਼ਾਨਾ ਜਾਂ ਹਫਤਾਵਾਰ ਵਿਆਜ ਲੈਂਦਾ ਸੀ। ਵਿਆਜ ਵਸੂਲਣ ਦੇ ਬਹਾਨੇ ਹੀ ਉਹ ਰੋਜ਼ ਬਾਜ਼ਾਰ ਆਉਂਦਾ ਸੀ।
ਨੋਡਲ ਅਫਸਰ ਦਿਨੇਸ਼ ਮਿਸ਼ਰਾ ਨੇ ਦੱਸਿਆ ਕਿ ਭਗਤ ਸਿੰਘ ਨਗਰ ਵਿੱਚ ਮਾਂਗੀਲਾਲ ਦਾ ਤਿੰਨ ਮੰਜ਼ਿਲਾ ਮਕਾਨ, ਸ਼ਿਵਨਗਰ ਵਿੱਚ 600 ਵਰਗ ਫੁੱਟ ਦਾ ਘਰ ਅਤੇ ਅਲਵਾਸ ਵਿੱਚ 10×20 ਫੁੱਟ ਦਾ ਬੀ.ਐਚ.ਕੇ ਮਕਾਨ ਹੈ। ਅਲਵਾਸ ਵਾਲਾ ਮਕਾਨ ਮਾਂਗੀਲਾਲ ਨੂੰ ਅੰਗਹੀਦ ਦੇ ਅਧਾਰ ’ਤੇ ਰੈੱਡ ਕਰਾਸ ਤੋਂ ਮਿਲਿਆ ਸੀ। ਇਸ ਤੋਂ ਇਲਾਵਾ ਉਹ ਆਪਣੇ ਤਿੰਨਾਂ ਆਟੋ ਨੂੰ ਕਿਰਾਏ ’ਤੇ ਚਲਵਾਉਂਦਾ ਹੈ। ਨਾਲ ਹੀ ਮਾਂਗੀਲਾਲ ਦੇ ਨਾਂ ਇੱਕ ਡਿਜ਼ਾਇਰ ਕਾਰ ਹੈ ਜਿਸ ਲਈ ਉਸ ਨੇ ਡਰਾਈਵਰ ਰੱਖਿਆ ਹੈ। ਮਾਂਗੀਲਾਲ ਅਲਵਾਸ ਵਿੱਚ ਮਾਤਾ-ਪਿਤਾ ਨਾਲ ਰਹਿੰਦਾ ਹੈ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਰਜਨੀਸ਼ ਸਿੰਘਾ ਅਨੁਸਾਰ ਫਰਵਰੀ 2024 ਤੋਂ ਇੰਦੌਰ ਵਿੱਚ ਚੱਲ ਰਹੀ ਮੁਹਿੰਮ ਦੇ ਸ਼ੁਰੂਆਤੀ ਸਰਵੇ ਵਿੱਚ 6500 ਭਿਖਾਰੀ ਸਾਹਮਣੇ ਆਏ। ਇਨ੍ਹਾਂ ਵਿੱਚੋਂ 4500 ਦੀ ਕੌਂਸਲਿੰਗ ਕਰਕੇ ਉਨ੍ਹਾਂ ਤੋਂ ਭੀਖ ਮੰਗਣ ਦਾ ਕੰਮ ਛੁਡਵਾਇਆ ਗਿਆ ਅਤੇ 1600 ਨੂੰ ਉਜ਼ੈਨ ਦੇ ਸੇਵਾਧਾਮ ਆਸ਼ਰਮ ਭੇਜਿਆ ਗਿਆ, ਜਦਕਿ 172 ਬੱਚਿਆਂ ਦਾ ਸਕੂਲ ਵਿੱਚ ਦਾਖਲਾ ਕਰਵਾਇਆ ਗਿਆ। ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਭੀਖ ਮੰਗਣ ਜਾਂ ਜ਼ਬਰਦਸਤੀ ਮੰਗਵਾਉਣ ਵਾਲਿਆਂ ਵਿਰੁੱਧ ਸਖ਼ਤੀ ਜਾਰੀ ਰਹੇਗੀ।
