
Jharkhand News: ਗੋਦਾਮ ਵੀ ਹੋਣਗੇ ਸੀਲ
Ban on Gutkha and Pan Masala in Jharkhand News: ਝਾਰਖੰਡ ਸਰਕਾਰ ਨੇ ਸੂਬੇ ਵਿੱਚ ਗੁਟਖਾ ਅਤੇ ਪਾਨ ਮਸਾਲਾ ਦੀ ਵਿਕਰੀ, ਸਟੋਰੇਜ ਅਤੇ ਸੇਵਨ 'ਤੇ ਪੂਰਨ ਪਾਬੰਦੀ ਲਗਾਉਣ ਦਾ ਇਤਿਹਾਸਕ ਫ਼ੈਸਲਾ ਲਿਆ ਹੈ। ਇਸ ਵੱਡੇ ਫ਼ੈਸਲੇ ਦਾ ਐਲਾਨ ਕਰਦਿਆਂ ਸੂਬੇ ਦੇ ਸਿਹਤ ਮੰਤਰੀ ਡਾ. ਇਰਫ਼ਾਨ ਅੰਸਾਰੀ ਨੇ ਕਿਹਾ ਕਿ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਸਿਹਤਮੰਦ ਝਾਰਖੰਡ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।
ਇਹ ਪਾਬੰਦੀ ਸਿਰਫ਼ ਇੱਕ ਨਿਯਮ ਨਹੀਂ ਹੈ, ਸਗੋਂ ਝਾਰਖੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਚਾਉਣ ਲਈ ਇੱਕ ਕ੍ਰਾਂਤੀਕਾਰੀ ਪਹਿਲ ਹੈ। ਮੰਤਰੀ ਡਾ. ਅੰਸਾਰੀ ਨੇ ਕਿਹਾ ਕਿ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੁਟਖਾ ਅਤੇ ਪਾਨ ਮਸਾਲਾ ਕਾਰਨ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ।
ਸਾਡੇ ਨੌਜਵਾਨ ਹੌਲੀ-ਹੌਲੀ ਮੌਤ ਵੱਲ ਵਧ ਰਹੇ ਹਨ, ਅਤੇ ਮੈਂ ਉਨ੍ਹਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਮਰਦੇ ਨਹੀਂ ਦੇਖ ਸਕਦਾ। ਮੈਂ ਡਾਕਟਰ ਹੋਣ ਦੇ ਨਾਤੇ ਜਾਣਦਾ ਹਾਂ ਕਿ ਇਹ ਜ਼ਹਿਰ ਸਰੀਰ ਨੂੰ ਕਿਸ ਹੱਦ ਤੱਕ ਤਬਾਹ ਕਰ ਸਕਦਾ ਹੈ। ਜਦੋਂ ਜਨਤਾ ਨੇ ਮੈਨੂੰ ਸਿਹਤ ਮੰਤਰੀ ਬਣਾਇਆ ਹੈ, ਤਾਂ ਮੇਰਾ ਪਹਿਲਾ ਫਰਜ਼ ਬਣਦਾ ਹੈ ਕਿ ਉਨ੍ਹਾਂ ਦੀ ਜਾਨ ਦੀ ਰਾਖੀ ਕਰੀਏ।"
ਮੰਤਰੀ ਨੇ ਸਪੱਸ਼ਟ ਕੀਤਾ ਕਿ ਗੁਟਖਾ ਵੇਚਣ, ਸਟੋਰ ਕਰਨ ਜਾਂ ਸੇਵਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੁਟਖਾ ਮਾਫ਼ੀਆ ਅਤੇ ਗ਼ੈਰ ਕਾਨੂੰਨੀ ਵਪਾਰੀਆਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ। ਜੇਕਰ ਕਿਸੇ ਵੀ ਦੁਕਾਨ, ਗੋਦਾਮ ਜਾਂ ਵਿਅਕਤੀ ਤੋਂ ਗੁਟਖਾ ਪਾਇਆ ਗਿਆ ਤਾਂ ਨਾ ਸਿਰਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਸਗੋਂ ਗੋਦਾਮ ਨੂੰ ਸੀਲ ਵੀ ਕੀਤਾ ਜਾਵੇਗਾ। ਇਸ ਹੁਕਮ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।