Editorial: ਨੁਕਸਾਨਦੇਹ ਸਾਬਤ ਹੋ ਰਿਹਾ ਹੈ ਬੇਮੁਹਾਰਾ ਟੂਰਿਜ਼ਮ
Published : Feb 19, 2026, 6:55 am IST
Updated : Feb 19, 2026, 8:07 am IST
SHARE ARTICLE
photo
photo

ਸਰਕਾਰਾਂ ਤਾਂ ਅਪਣੇ ਫ਼ਰਜ਼ ਭੁਲਾਈ ਬੈਠੀਆਂ ਹਨ, ਪਰ ਲੋਕ ਹੁਣ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਹੋਣੇ ਸ਼ੁਰੂ ਹੋ ਗਏ ਹਨ।

ਸਰਕਾਰਾਂ ਤਾਂ ਅਪਣੇ ਫ਼ਰਜ਼ ਭੁਲਾਈ ਬੈਠੀਆਂ ਹਨ, ਪਰ ਲੋਕ ਹੁਣ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਹੋਣੇ ਸ਼ੁਰੂ ਹੋ ਗਏ ਹਨ। ਸੋਸ਼ਲ ਮੀਡੀਆ ਉੱਤੇ ਵਾਇਰਲ ਇਕ ਵੀਡੀਓ ਵਿਚ ਇਕ ਹਿਮਾਚਲੀ ਪਿੰਡ ਦੇ ਵਸਨੀਕ ਦੋ ਹਰਿਆਣਵੀ ਮੋਟਰ-ਸਾਈਕਲਸਵਾਰਾਂ ਨੂੰ ਸਾਇਲੈਂਸਰ-ਰਹਿਤ ਮੋਟਰ ਸਾਈਕਲ ਚਲਾਉਣ ਕਾਰਨ ਫ਼ੈਲਦੇ ਫ਼ਿਜ਼ਾਈ ਤੇ ਸ਼ੋਰ ਪ੍ਰਦੂਸ਼ਣ ਦੇ ਨੁਕਸਾਨਾਂ ਦਾ ਗਿਆਨ ਅਨੂਠੇ ਢੰਗ ਨਾਲ ਬਖ਼ਸ਼ਦੇ ਨਜ਼ਰ ਆਉਂਦੇ ਹਨ। ਵੀਡੀਓ ਵਿਚ ਦੋਵਾਂ ਹਰਿਆਣਵੀ ਯੁਵਕਾਂ ਨੂੰ ਉਨ੍ਹਾਂ ਦੇ ਮੋਟਰਸਾਈਕਲਾਂ ਦੇ ਐਗਜ਼ੌਸਟਸ ਨੇੜੇ ਬਿਠਾ ਕੇ ਇੰਜਣ ਜ਼ੋਰ ਨਾਲ ਚਲਾਏ ਜਾ ਰਹੇ ਹਨ ਅਤੇ ਫਿਰ ਪੁੱਛਿਆ ਜਾ ਰਿਹਾ ਹੈ ਕਿ ‘‘ਦੱਸ ਭਾਈ, ਹੁਣ ਤੇਰੇ ਕੰਨਾਂ ਦਾ ਕੀ ਹਾਲ ਹੈ?’’ ਨਾਲ ਹੀ ਇਹ ਨੇਕ ਮਸ਼ਵਰਾ ਦਿਤਾ ਜਾ ਰਿਹਾ ਹੈ ਕਿ ਜਦੋਂ ਪਹਾੜਾਂ ਵਿਚ ਆਉਂਦੇ ਹੋ ਤਾਂ ਕੋਈ ਵੀ ਅਜਿਹੀ ਹਰਕਤ ਨਾ ਕਰੋ ਜਿਸ ਕਾਰਨ ਪਹਾੜਾਂ ਦੀ ਨਾਜ਼ੁਕ ਫ਼ਿਜ਼ਾ ਅਤੇ ਸ਼ਾਂਤ ਵਾਤਾਵਰਨ ਦਾ ਨੁਕਸਾਨ ਹੁੰਦਾ ਹੋਵੇ।

ਅਜਿਹੀਆਂ ਹੀ ਕੁੱਝ ਵੀਡੀਓਜ਼ ਉੱਤਰਾਖੰਡ ਤੋਂ ਵੀ ਵਾਇਰਲ ਹੋਈਆਂ ਹਨ ਜਿੱਥੇ ਸਥਾਨਕ ਲੋਕ, ਸੈਲਾਨੀਆਂ ਨੂੰ ਚਿੱਪਸ ਤੇ ਕੁਰਕਰਿਆਂ ਦੇ ਰੈਪਰ ਜਾਂ ਖ਼ਾਲੀ ਪੈਕੇਟ ਸੁੱਟਣ ਤੋਂ ਵਰਜਦੇ ਦਿਸਦੇ ਹਨ। ਇਸੇ ਤਰ੍ਹਾਂ ਮੇਘਾਲਿਆ ਦੇ ਪੂਰਬੀ ਖਾਸੀ ਜ਼ਿਲ੍ਹੇ ਦੇ ਪਿੰਡ ਮਾਅਲੀਨੌਂਗ ਦੀ ਵੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀ ਹੈ ਜਿਸ ਵਿਚ ਪਿੰਡ ਦਾ ਪ੍ਰਧਾਨ (ਸਰਪੰਚ) ਜ਼ਿਲ੍ਹਾ ਅਧਿਕਾਰੀਆਂ ਨੂੰ ਅਪੀਲ ਕਰਦਾ ਸੁਣਿਆ ਜਾ ਸਕਦਾ ਹੈ ਕਿ ਉਹ ਉਸ ਪਿੰਡ ਨੂੰ ‘ਏਸ਼ੀਆ ਦਾ ਸਭ ਤੋਂ ਸਵੱਛ ਪਿੰਡ’ ਦਾ ਲਕਬ ਦੇਣਾ ਬੰਦ ਕਰਨ ਅਤੇ ਪਿੰਡ ਵਿਚ ਸੈਲਾਨੀਆਂ ਦੀਆਂ ਬਸਾਂ ਦੇ ਦਾਖ਼ਲੇ ਉਪਰ ਰੋਕ ਲਗਾਉਣ। ਪ੍ਰਧਾਨ ਦੀ ਇਸ ਅਪੀਲ ਦੀ ਵਜ੍ਹਾ ਹੈ ਕਿ ਸੈਲਾਨੀ ਇਸ ਪਿੰਡ ਦੀ ਸਵੱਛਤਾ ਦੀ ਕਦਰ ਕਰਨ ਜਾਂ ਇਸ ਸਵੱਛਤਾ ਤੋਂ ਸਬਕ ਲੈਣ ਦੀ ਥਾਂ ਖਾਣ ਦੀਆਂ ਵਸਤਾਂ ਦੇ ਰੈਪਰ ਤੇ ਕਵਰ ਬ੍ਰਿਛਾਂ ਦੇ ਤਣਿਆਂ ਨੇੜੇ ਸੁੱਟ ਜਾਂਦੇ ਹਨ। ਅਜਿਹਾ ਕੂੜਾ-ਕਰਕਟ ਹਟਾਉਣ ਲਈ ਪਿੰਡ ਦੀ ਪੰਚਾਇਤ ਨੂੰ ਦੋ ਸਫ਼ਾਈ ਸੇਵਕਾਂ ਦਾ ਖ਼ਰਚ ਬੇਲੋੜੇ ਤੌਰ ’ਤੇ ਝੱਲਣਾ ਪੈ ਰਿਹਾ ਹੈ। 

ਉਪਰੋਕਤ ਮਿਸਾਲਾਂ ਇਕ ਪਾਸੇ ਵਾਤਾਵਰਨ-ਸੰਭਾਲ ਪ੍ਰਤੀ ਫ਼ਰਜ਼ਸ਼ੱਨਾਸੀ ਅਤੇ ਦੂਜੇ ਪਾਸੇ ਇਸੇ ਕਾਰਜ ਪ੍ਰਤੀ ਮੁਕੰਮਲ ਅਲਗਰਜ਼ੀ ਦੇ ਰੁਝਾਨਾਂ ਦੇ ਟਕਰਾਅ ਦਾ ਤਸੱਵਰ ਪੇਸ਼ ਕਰਦੀਆਂ ਹਨ। ਗੋਆ ਪ੍ਰਦੇਸ਼, ਖ਼ਾਸ ਕਰ ਕੇ ਦੱਖਣੀ ਗੋਆ ਜ਼ਿਲ੍ਹੇ ਦੇ ਪਿੰਡਾਂ ਅਤੇ ਮੜਗਾਉਂ ਤੇ ਵਾਸਕੋ ਸ਼ਹਿਰਾਂ ਦੇ ਕਈ ਮੁਹੱਲਿਆਂ ਵਿਚ ਇਹ ਸੂਚਨਾ-ਬੋਰਡ ਅਕਸਰ ਲੱਗੇ ਦਿਸਦੇ ਹਨ ਕਿ ਉੱਤਰ ਭਾਰਤੀਆਂ ਨੂੰ ਇਸ ਖੇਤਰ ਵਿਚ ਜਾਇਦਾਦ ਨਹੀਂ ਖ਼ਰੀਦਣ ਦਿਤੀ ਜਾਵੇਗੀ। ਉੱਤਰੀ ਗੋਆ ਜ਼ਿਲ੍ਹੇ ਦੇ ਦੀਵਾਰ ਜਜ਼ੀਰੇ (ਇਹ ਟਾਪੂ ਮਾਂਡਵੀ ਨਦੀ ਦੇ ਦੋ ਪਾਟਾਂ ਦਰਮਿਆਨ ਸਥਿਤ ਹੈ) ਦੇ ਵਸਨੀਕਾਂ ਨੇ ਨਦੀ ਉਪਰ ਪੁਲ ਇਸ ਤੌਖ਼ਲੇ ਕਾਰਨ ਨਹੀਂ ਬਣਨ ਦਿਤਾ ਕਿ ਪੁਲ ਬਣਨ ਨਾਲ ਸੈਲਾਨੀਆਂ ਦੀ ਆਮਦੋ-ਰਫ਼ਤ ਦਾ ਵਾਧਾ ਜਜ਼ੀਰੇ ਦੀ ਸ਼ਾਂਤੀ ਭੰਗ ਕਰ ਦੇਵੇਗਾ ਅਤੇ ਆਬੋ-ਹਵਾ ਨੂੰ ਵੀ ਮਲੀਨ ਬਣਾਏਗਾ।

ਕੇਂਦਰੀ ਪ੍ਰਦੇਸ਼ ਪੁੱਦੂਚੇਰੀ (ਪੌਂਡੀਚੇਰੀ) ਦੇ ਕਈ ਮੁਹੱਲਿਆਂ ਵਿਚ ਵੀ ਗੋਆ ਵਰਗੇ ਸੂਚਨਾ ਬੋਰਡ ਲੱਗੇ ਦਿਸਦੇ ਹਨ ਜਿਨ੍ਹਾਂ ਵਿਚ ਉੱਤਰ ਭਾਰਤੀਆਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਇਨ੍ਹਾਂ ਮੁਹੱਲਿਆਂ ਵਿਚ ਜਾਇਦਾਦ ਖ਼ਰੀਦਣ ਦਾ ਯਤਨ ਨਾ ਕਰਨ। ਅਜਿਹੇ ਰੁਝਾਨਾਂ ਦੇ ਮੁੱਖ ਕਾਰਨ ਹਨ : ਘਰੇਲੂ ਟੂਰਿਸਟਾਂ, ਖ਼ਾਸ ਕਰ ਕੇ ਹਰਿਆਣਾ, ਪੱਛਮੀ ਯੂ.ਪੀ., ਉੱਤਰੀ ਰਾਜਸਥਾਨ, ਦਿੱਲੀ ਤੇ ਪੰਜਾਬ ਨਾਲ ਸਬੰਧਿਤ ਲੋਕਾਂ ਵਲੋਂ ਵਾਤਾਵਰਣਕ, ਇਮਾਰਤੀ ਤੇ ਟਰੈਫ਼ਿਕ ਨਿਯਮਾਂ ਦੀਆਂ ਸ਼ਰੇ੍ਹਆਮ ਅਵੱਗਿਆਵਾਂ, ਮੁਕਾਮੀ ਸਭਿਅਤਾ, ਸਭਿਆਚਾਰ ਤੇ ਆਚਾਰ-ਵਿਹਾਰ ਦੇ ਨੇਮਾਂ ਦੀ ਅਣਦੇਖੀ ਅਤੇ ਅਪਰਾਧ-ਬਿਰਤੀ ਦਾ ਬੇਕਿਰਕੀ ਨਾਲ ਮੁਜ਼ਾਹਰਾ।

ਕੇਂਦਰੀ ਟੂਰਿਜ਼ਮ ਮੰਤਰਾਲੇ ਦੇ ਅੰਕੜੇ ਦਸਦੇ ਹਨ ਕਿ ਸਾਡੇ ਮੁਲਕ ਵਿਚ ਵਿਦੇਸ਼ੀ ਸੈਲਾਨੀਆਂ ਲਈ ਸਹੂਲਤਾਂ ਤਾਂ ਵੱਧ ਗਈਆਂ ਹਨ, ਪਰ 20ਵੀਂ ਸਦੀ ਦੀਆਂ ਆਖ਼ਰੀ ਦੋ ਦਹਾਈਆਂ ਦੇ ਮੁਕਾਬਲੇ 21ਵੀਂ ਸਦੀ ਦੇ ਪਹਿਲੇ ਦੋ ਦਸ਼ਕਾਂ ਦੌਰਾਨ ਵਿਦੇਸ਼ੀਆਂ ਦੀ ਆਮਦ ਦੀ ਔਸਤ ਘਟਦੀ ਜਾ ਰਹੀ ਹੈ। ਇਸ ਤੋਂ ਉਲਟ ਘਰੇਲੂ ਟੂਰਿਜ਼ਮ ਨਾਸਿਰਫ਼ ਤੇਜ਼ੀ ਨਾਲ ਵੱਧ-ਫੁੱਲ ਰਿਹਾ ਹੈ, ਸਗੋਂ ਇਸ ਦੇ ਵਿਸਥਾਰ ਦੀ ਰਫ਼ਤਾਰ ਟੂਰਿਜ਼ਮ ਸਨਅਤ ਦੇ ਅਨੁਮਾਨਾਂ ਨਾਲੋਂ ਜ਼ਿਆਦਾ ਹੈ। ਇਹ ਵਰਤਾਰਾ ਮੱਧ-ਵਰਗੀ ਖ਼ੁਸ਼ਹਾਲੀ ਦਾ ਮਾਪਦੰਡ ਵੀ ਮੰਨਿਆ ਜਾ ਰਿਹਾ ਹੈ।

ਉਂਜ, ਨਾਲ ਹੀ ਇਹ ਚਿੰਤਾਵਾਂ ਵੀ ਜਤਾਈਆਂ ਜਾ ਰਹੀਆਂ ਹਨ ਕਿ ਘਰੇਲੂ ਟੂਰਿਸਟ, ਵਾਤਾਵਰਨ ਦੀ ਸੰਭਾਲ ਦੀ ਜ਼ਿੰਮੇਵਾਰੀ ਪ੍ਰਤੀ ਬਹੁਤ ਘੱਟ ਸੁਚੇਤ ਹੈ। ਉਸ ਲਈ ਸ਼ੁਗਲ-ਮੇਲੇ ਤੋਂ ਭਾਵ ਮੌਸਮੀ ਖ਼ੁਸ਼ਗਵਾਰੀ ਜਾਂ ਕੁਦਰਤ ਦੀ ਖ਼ੂਬਸੂਰਤੀ ਜਾਂ ਸਭਿਆਚਾਰਕ ਵੰਨ-ਸੁਵੰਨਤਾ ਦਾ ਆਨੰਦ ਲੈਣਾ ਨਹੀਂ, ਬਲਕਿ ਅਪਣੀ ਮੌਜੂਦਗੀ ਦੀ ਧਾਕ ਬਿਠਾਉਣ ਨੂੰ ਉਹ ਸ਼ੁਗਲ-ਮੇਲਾ ਵੱਧ ਸਮਝਦਾ ਹੈ। ਇਹ ਅਫ਼ਸੋਸ ਦੀ ਗੱਲ ਹੈ ਕਿ ਕੁਦਰਤੀ ਨਿਆਮਤਾਂ ਤੇ ਸੁੰਦਰਤਾ ਦੀ ਬਹੁਲਤਾ ਵਾਲਾ ਦੇਸ਼ ਹੋਣ ਦੇ ਬਾਵਜੂਦ ਫ਼ਿਜ਼ਾਈ ਖ਼ੂਬਸੂਰਤੀ ਤੇ ਸਵੱਛਤਾ ਦੀ ਹਿਫ਼ਾਜ਼ਤ ਦਾ ਸੰਕਲਪ ਸਾਡੀ ਮਾਨਸਿਕਤਾ ਦਾ ਹਿੱਸਾ ਅਜੇ ਤਕ ਨਹੀਂ ਬਣ ਸਕਿਆ। ਇਸ ਸੰਕਲਪ ਨੂੰ ਬਲ ਬਖ਼ਸ਼ਣ ਵਾਸਤੇ ਹਰ ਸੈਲਾਨੀਗਾਹ ਦੇ ਮੁਕਾਮੀ ਵਸਨੀਕਾਂ ਨੂੰ ਜਾਗ੍ਰਿਤ ਤੇ ਜਥੇਬੰਦ ਹੋਣ ਦੀ ਸਖ਼ਤ ਲੋੜ ਹੈ। ਹਿਮਾਚਲ ਵਾਲੀ ਵੀਡੀਓ ਇਸ ਦਿਸ਼ਾ ਵਲ ਪੇਸ਼ਕਦਮੀ ਦੀ ਇਕ ਸੁਖਾਵੀਂ ਮਿਸਾਲ ਹੈ। ਇਸ ਪੇਸ਼ਕਦਮੀ ਦਾ ਖ਼ੈਰ-ਮਕਦਮ ਹੋਣਾ ਚਾਹੀਦਾ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement